ਦੁਬਈ ਤੋਂ ਲਾਪਤਾ ਜਵਾਨ ਪੁੱਤ ਦੀ ਮੌਤ ਦਾ ਦੁਖ ਨਾ ਸਹਾਰਦਿਆਂ ਮਾਂ ਨੇ ਵੀ ਤੋੜਿਆ ਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

12 ਜੁਲਾਈ ਨੂੰ ਸ਼ੱਕੀ ਹਾਲਾਤ 'ਚ ਦੁਬਈ ਤੋਂ ਲਾਪਤਾ ਹੋਇਆ ਸੀ ਨੌਜੁਆਨ

photo

 

ਕਪੂਰਥਲਾ:  ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਭਾਗੋਅਰਾਈਆਂ ਦਾ ਬਲਜਿੰਦਰ ਸਿੰਘ ਨਾਮਕ ਇੱਕ ਨੌਜੁਆਨ ਅਪਣੇ ਸੁਨਹਿਰੀ ਭਵਿੱਖ ਅਤੇ ਘਰੋਂ ਗਰੀਬੀ ਕੱਢਣ ਲਈ ਦੁਬਈ ਗਿਆ ਸੀ। ਕਰੀਬ 20-25 ਦਿਨ ਪਹਿਲਾਂ ਉਥੋਂ ਭੇਤ ਭਰੇ ਹਾਲਾਤ ’ਚ ਲਾਪਤਾ ਹੋ ਗਿਆ ਸੀ ਅਤੇ 29 ਜੁਲਾਈ ਨੂੰ ਜਦੋਂ ਦੁਬਈ ਦੀ ਇਕ ਕੰਪਨੀ ਵਲੋ ਘਰਦਿਆਂ ਨੂੰ ਫੋਨ ਆਉਦਾ ਹੈ ਕਿ ਤੁਹਾਡੇ ਲੜਕੇ ਦੀ ਹਾਰਟ ਅਟੈਕ ਨਾਲ ਮੌਤ ਗਈ ਹੈ ਤਾਂ ਪੁੱਤ ਦੀ ਮੌਤ ਦਾ ਗ਼ਮ ਨਾ ਸਹਾਰਦੇ ਹੋਏ ਬਲਜਿੰਦਰ ਦੀ ਮਾਂ ਦੀ ਵੀ ਮੌਤ ਹੋ ਜਾਂਦੀ ਹੈ। 

ਮਾਂ-ਪੁੱਤ ਦੀ ਮੌਤ ਮਗਰੋਂ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਦੂਜੇ ਪਾਸੇ ਪ੍ਰਵਾਰਕ ਮੈਂਬਰਾਂ ਵਲੋਂ ਬਲਜਿੰਦਰ ਜਿਸ ਕੰਪਨੀ ਵਿਚ ਕੰਮ ਕਰਦਾ ਸੀ, ਉਸ ਡਿਸਕਵਰੀ ਕੰਪਨੀ(ਅਬੂ ਧਾਬੀ) ਦੇ ਉੱਚ ਅਧਿਕਾਰੀਆਂ ਉਤੇ ਵੀ ਗੰਭੀਰ ਆਰੋਪ ਲਗਾਏ ਜਾ ਰਹੇ ਹਨ।

ਪ੍ਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬਲਜਿੰਦਰ ਸਿੰਘ 12 ਜੁਲਾਈ ਤੋਂ ਲਾਪਤਾ ਸੀ, ਉਸ ਦੇ ਨਾਲ ਕਿਸੇ ਵੀ ਤਰ੍ਹਾਂ ਸੰਪਰਕ ਨਹੀਂ ਹੋ ਰਿਹਾ ਸੀ। ਜਦੋਂ ਬਲਜਿੰਦਰ ਦੇ ਨਾਲ ਰਹਿਣ ਵਾਲੇ ਕੁਝ ਸਾਥੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਉਹ ਕਮਰੇ ਵਿਚੋਂ ਗਾਇਬ ਹੈ ਅਤੇ ਉਸ ਦਾ ਸਮਾਨ ਉਥੇ ਹੀ ਪਿਆ ਹੋਇਆ।

ਪ੍ਰਵਾਰਕ ਮੈਂਬਰਾਂ ਵਲੋਂ ਆਰੋਪ ਲਗਾਇਆ ਕਿ ਇਸ ਬਾਬਤ ਜਦੋਂ ਉਨ੍ਹਾਂ ਵਲੋਂ ਕੰਪਨੀ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਾਨੂੰ ਕੋਈ ਸਪਸ਼ਟ ਜਵਾਬ ਨਹੀਂ ਦਿਤਾ। ਇਹ ਆਖ ਕੇ ਟਾਲ ਦਿਤਾ ਕਿ ਸਾਨੂੰ ਲਗਦਾ ਹੈ ਕਿ ਬਲਜਿੰਦਰ ਕਿਧਰੇ ਚਲਾ ਗਿਆ ਹੈ। 

ਸਮਾਜ ਸੇਵੀ ਐੱਸ ਪੀ ਉਬਰਾਏ ਦੇ ਨਾਲ ਗੱਲਬਾਤ ਮਗਰੋਂ ਓਥੇ ਇਲਾਕੇ ’ਚ ਜਦੋਂ ਬਲਜਿੰਦਰ ਦੀ ਗੁੰਮਸ਼ੁਦਗੀ ਬਾਬਤ ਪੋਸਟਰ ਲਗਾਏ ਗਏ, ਤਾਂ 29 ਤਰੀਕ ਨੂੰ ਉਕਤ ਕੰਪਨੀ ਦੇ ਇੱਕ ਅਧਿਕਾਰੀ ਵਲੋਂ ਫੋਨ ’ਤੇ ਦਸਿਆ ਜਾਂਦਾ ਹੈ ਕਿ ਬਲਜਿੰਦਰ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇੱਕ ਸਰਟੀਫਿਕੇਟ ਵੀ ਭੇਜਿਆ ਜਾਂਦਾ ਹੈ। ਜਿਸ ਉਤੇ ਮੌਤ ਦੀ ਤਰੀਕ 13 ਜੁਲਾਈ ਦੱਸੀ ਜਾਂਦੀ ਹੈ। 

ਪ੍ਰਵਾਰਕ ਮੈਂਬਰਾਂ ਨੇ ਬਲਜਿੰਦਰ ਦੀ ਸ਼ਨਾਖਤ ਤੋਂ ਬਗੈਰ ਉਸ ਦੀ ਲਾਸ਼ ਲੈਣ ਤੋਂ ਸਾਫ ਇਨਕਾਰ ਕਰ ਦਿਤਾ ਹੈ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ MP ਸੰਤ ਸੀਚੇਵਾਲ ਤੋਂ ਗੁਹਾਰ ਲਗਾਈ ਹੈ।
ਪ੍ਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੰਪਨੀ ਵਲੋਂ ਸਾਨੂੰ ਗੁਮਰਾਹ ਕੀਤਾ ਗਿਆ ਹੈ। ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਜੋ ਕਿਸੇ ਹੋਰ ਦਾ ਭਵਿੱਖ ਖ਼ਤਰੇ ਵਿਚ ਨਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਅਜੇ ਤੱਕ ਪੂਰਾ ਯਕੀਨ ਨਹੀਂ ਕਿ ਬਲਜਿੰਦਰ ਜਿਊਦਾ ਹੈ ਜਾਂ ਨਹੀਂ !