Punjab News : ਰਿਕਾਰਡ ਪਲਾਂਟ ਲੋਡ ਫੈਕਟਰ ‘ਤੇ ਚੱਲ ਰਿਹਾ ਹੈ ਗੁਰੂ ਅਮਰਦਾਸ ਥਰਮਲ ਪਲਾਂਟ : ਹਰਭਜਨ ETO

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਥਰਮਲ ਪਲਾਂਟ ਨੇ ਜੁਲਾਈ, 2024 ਵਿੱਚ ਲਗਭਗ 89.7 ਪ੍ਰਤੀਸ਼ਤ ਦੇ ਪੀ.ਐਲ.ਐਫ ਨਾਲ 327 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਹੈ'

Harbhajan Singh ETO

Punjab News : ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਦੱਸਿਆ ਕਿ ਗੁਰੂ ਅਮਰਦਾਸ ਥਰਮਲ ਪਲਾਂਟ (ਜੀ.ਏ.ਟੀ.ਪੀ.), ਜਿਸ ਨੂੰ ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਖਰੀਦਿਆ ਹੈ, ਰਿਕਾਰਡ ਪਲਾਂਟ ਲੋਡ ਫੈਕਟਰ (ਪੀ.ਐਲ.ਐਫ) 'ਤੇ ਚੱਲ ਰਿਹਾ ਹੈ।

ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਬਿਜਲੀ ਮੰਤਰੀ ਨੇ ਕਿਹਾ ਕਿ ਥਰਮਲ ਪਲਾਂਟ ਨੇ ਜੁਲਾਈ, 2024 ਵਿੱਚ ਲਗਭਗ 89.7 ਪ੍ਰਤੀਸ਼ਤ ਦੇ ਪੀ.ਐਲ.ਐਫ ਨਾਲ 327 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਹੈ। ਉਨ੍ਹਾਂ ਇਸ ਨੂੰ ਵੱਡੀ ਪ੍ਰਾਪਤੀ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਰਵਰੀ 2024 ਵਿੱਚ ਹੀ ਇਸ ਥਰਮਲ ਪਲਾਂਟ ਨੂੰ ਐਕਵਾਇਰ ਕੀਤਾ ਗਿਆ ਸੀ।

ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਵਿੱਤੀ ਸਾਲ 2024-25 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਥਰਮਲ ਪਲਾਂਟ ਦੇ ਪਲਾਂਟ ਲੋਡ ਫੈਕਟਰ ਵਿੱਚ ਕਾਫੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਸਾਲ (2024-25) ਦੌਰਾਨ, ਅਪ੍ਰੈਲ ਲਈ ਪੀ.ਐਲ.ਐਫ 66 ਪ੍ਰਤੀਸ਼ਤ, ਮਈ ਲਈ 82 ਪ੍ਰਤੀਸ਼ਤ ਅਤੇ ਜੂਨ ਲਈ 78 ਪ੍ਰਤੀਸ਼ਤ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜੁਲਾਈ ਤੱਕ ਔਸਤ ਪੀ.ਐਲ.ਐਫ 79 ਪ੍ਰਤੀਸ਼ਤ ਰਿਹਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਥਰਮਲ ਪਲਾਂਟ ਨੂੰ ਇਕਵਾਇਰ ਕਰਨ ਤੋਂ ਪਹਿਲਾਂ ਅਪ੍ਰੈਲ 2016 ਤੋਂ ਜਨਵਰੀ 2024 ਦੀ ਮਿਆਦ ਵਿੱਚ ਇਸਦੀ ਔਸਤ ਪੀ.ਐੱਲ.ਐੱਫ. ਮਹਿਜ਼ 34 ਫੀਸਦੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਐਕਵਾਇਰ ਕਰਨ ਤੋਂ ਪਹਿਲਾਂ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਨੇ ਮਾਰਚ 2019 ਵਿੱਚ ਲਗਭਗ 282 ਮਿਲੀਅਨ ਯੂਨਿਟ ਬਿਜਲੀ ਉਤਪਾਦਨ ਦੇ ਨਾਲ ਵੱਧ ਤੋਂ ਵੱਧ 77 ਪ੍ਰਤੀਸ਼ਤ ਪੀ.ਐਲ.ਐਫ ਪ੍ਰਾਪਤ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਥਰਮਲ ਪਲਾਂਟ ਦਾ ਔਸਤ ਪੀ.ਐਲ.ਐਫ. ਪਿਛਲੇ ਵਿੱਤੀ ਸਾਲ (2023-24) ਵਿੱਚ ਲਗਭਗ 51 ਪ੍ਰਤੀਸ਼ਤ ਸੀ।

ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਸੂਬੇ ਦੇ ਬਿਜਲੀ ਢਾਂਚੇ ਦੀ ਕੁਸ਼ਲਤਾ ਅਤੇ ਕਾਰਗੁਜ਼ਾਰੀ ਨੂੰ ਵਧਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹੋਏ ਇਸ ਪ੍ਰਾਪਤੀ ਨੂੰ ਅਹਿਮ ਦੱਸਿਆ।