ਵਿਧਾਨ ਸਭਾ ਮੈਂਬਰਾਂ ਦੀ ਕਮੇਟੀ ਕੋਲੋਂ ਕਰਵਾਈ ਜਾਵੇ ਜਲਿਆਂਵਾਲਾ ਬਾਗ਼ ਮਾਮਲੇ ਦੀ ਜਾਂਚ : ਕੁਲਤਾਰ ਸੰਧ

ਏਜੰਸੀ

ਖ਼ਬਰਾਂ, ਪੰਜਾਬ

ਵਿਧਾਨ ਸਭਾ ਮੈਂਬਰਾਂ ਦੀ ਕਮੇਟੀ ਕੋਲੋਂ ਕਰਵਾਈ ਜਾਵੇ ਜਲਿਆਂਵਾਲਾ ਬਾਗ਼ ਮਾਮਲੇ ਦੀ ਜਾਂਚ : ਕੁਲਤਾਰ ਸੰਧਵਾਂ

image

ਸਾਜਿਸ਼ ਤਹਿਤ ਇਤਿਹਾਸ ਨਾਲ ਛੇੜਛਾੜ ਕਰ ਰਹੀ ਹੈ ਕੇਂਦਰ ਸਰਕਾਰ

ਚੰਡੀਗੜ੍ਹ, 1 ਸਤੰਬਰ (ਭੁੱਲਰ) : ਨਰਿੰਦਰ ਮੋਦੀ ਸਰਕਾਰ ਵਲੋਂ ਜੰਗੇ ਆਜ਼ਾਦੀ ਦੀ ਵਿਰਾਸਤ ‘ਜਲਿਆਂਵਾਲਾ ਬਾਗ਼’ ਨੂੰ ਨਵੀਨੀਕਰਨ ਦੇ ਨਾਂ ’ਤੇ ਮਿਟਾਉਣ ਦੀ ਸਖ਼ਤ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਇਸ ਨੂੰ ਪੰਜਾਬ ਦੇ ਇਤਿਹਾਸ ਨਾਲ ਛੇੜਛਾੜ ਕਰਾਰ ਦਿਤਾ ਹੈ। ਇਸ ਦੇ ਨਾਲ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਜਲਿਆਂਵਾਲੇ ਬਾਗ਼ ਵਿਵਾਦ ਸੰਬੰਧੀ ਵਿਧਾਨ ਸਭਾ ਮੈਂਬਰਾਂ ਦੀ ਇਕ ਸਰਬ ਪਾਰਟੀ ਕਮੇਟੀ ਦਾ ਗਠਨ ਕੀਤਾ ਜਾਵੇ, ਜੋ ਇਕ ਮਹੀਨੇ ’ਚ ਜਾਂਚ ਮੁਕੰਮਲ ਕਰੇ ਅਤੇ ਇਹ ਜਾਂਚ ਰੀਪੋਰਟ ਵਿਧਾਨ ਸਭਾ ’ਚ ਰੱਖੀ ਜਾਵੇ। ਕੁਲਤਾਰ ਸਿੰਘ ਸੰਧਵਾਂ ਬੁਧਵਾਰ ਨੂੰ ਪਾਰਟੀ ਦਫ਼ਤਰ ’ਚ ਪਾਰਟੀ ਦੇ ਬੁਲਾਰੇ ਨੀਲ ਗਰਗ ਅਤੇ ਮਲਵਿੰਦਰ ਸਿੰਘ ਕੰਗ ਵੀ ਮੌਜੂਦਗੀ ’ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ‘ਜਲਿਆਂਵਾਲਾ ਬਾਗ਼ ਵਿਚ ਆਜ਼ਾਦੀ ਪ੍ਰਵਾਨਿਆਂ ਦੀ ਰੱਤ ਡੁਲ੍ਹੀ ਸੀ ਅਤੇ ਇਥੋਂ ਦੀ ਮਿੱਟੀ ਅਣਖ ਤੇ ਆਜ਼ਾਦੀ ਦੀ ਪ੍ਰਤੀਕ ਹੈ। ਇਹ ਮਿੱਟੀ ਜਿਥੇ ਆਜ਼ਾਦੀ ਪ੍ਰਵਾਨਿਆਂ ਦੀ ਯਾਦ ਦਿਵਾਉਂਦੀ ਹੈ, ਉਥੇ ਹੀ ਅੰਗਰੇਜ਼ਾਂ ਦੇ ਝੋਲੀ ਚੁੱਕ ਗੱਦਾਰਾਂ ਬਾਰੇ ਵੀ ਦਸਦੀ ਹੈ। ਇਸੇ ਲਈ ਇਹ ਮਿੱਟੀ ਸੌੜੀ ਸੋਚ, ਵੰਡ ਪਾਉ ਤਾਕਤਾਂ ਅਤੇ ਫਿਰੰਗੀ ਸੋਚ ਵਾਲੇ ਮੱੁਠੀ ਭਰ ਲੋਕਾਂ ਦੀਆਂ ਅੱਖਾਂ ’ਚ ਹਮੇਸ਼ਾਂ ਰੜਕਦੀ ਰਹੀ ਹੈ।’ 
ਸੰਧਵਾਂ ਨੇ ਅੱਗੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਵਲੋਂ ਜਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ਕੀਤਾ ਗਿਆ ਹੈ, ਜਿਸ ਬਾਰੇ ਸ੍ਰੀ ਅੰਮ੍ਰਿਤਸਰ ਦੇ ਵਸਨੀਕਾਂ ਸਮੇਤ ਇਤਿਹਾਸਕਾਰਾਂ ਵਲੋਂ ਜਲਿਆਂਵਾਲਾ ਬਾਗ਼ ਦੀ ਇਤਿਹਾਸਕ ਦਿਖ ਮਿਟਾਉਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਜੇ ਅਜਿਹਾ ਹੋਇਆ ਹੈ ਤਾਂ ਇਹ ਅਣਗਹਿਲੀ ਹੀ ਨਹੀਂ ਸਗੋਂ ਇਤਿਹਾਸ ਖਾਸਕਰ ਪੰਜਾਬ ਇਤਿਹਾਸ ਮਿਟਾਉਣ ਦੀ ਇਕ ਸਾਜਸ਼ ਹੈ। 
ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਾਇਆ, ‘‘ਭਾਜਪਾ ਦੇਸ਼ ਦਾ ਇਤਿਹਾਸ ਬਦਲਣ ਵਲ ਚੱਲੀ ਹੋਈ ਹੈ। ਹੁਣ ਤਕ ਦੇਸ਼ ’ਚ ਅਣਗਿਣਤ ਇਤਿਹਾਸਕ ਸਥਾਨਾਂ ਅਤੇ ਧਰੋਹਰਾਂ ਨੂੰ ਬਦਲ ਦਿਤਾ ਗਿਆ ਹੈ। ਇਸੇ ਤਹਿਤ ਜਲਿਆਂਵਾਲਾ ਬਾਗ਼ ਦੀ ਇਤਿਹਾਸਕ ਦਿਖ ਨੂੰ ਵੀ ਮਿਟਾਇਆ ਗਿਆ ਹੈ।’’ ਉਨ੍ਹਾਂ ਕਿਹਾ ਜਲਿਆਂਵਾਲਾ ਬਾਗ਼ ’ਚ ਵੱਖ-ਵੱਖ ਥਾਵਾਂ ’ਤੇ ਲਾਏ ਬੋਰਡਾਂ ’ਚ ਜਿਸ ਤਰ੍ਹਾਂ ਹਿੰਦੀ ਭਾਸ਼ਾ ਨੂੰ ਸੱਭ ਤੋਂ ਉਪਰ ਰੱਖ ਕੇ ਪੰਜਾਬੀ ਭਾਸ਼ਾ ਦਾ ਨਿਰਾਦਰ ਕੀਤਾ ਗਿਆ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਹੈ, ਪਰ ਪੰਜਾਬ ’ਚ ਪੰਜਾਬੀ ਭਾਸ਼ਾ ਨੂੰ ਉਚਿਤ ਸਨਮਾਨ ਮਿਲਣਾ ਚਾਹੀਦਾ ਹੈ। 
ਜਲਿਆਂਵਾਲੇ ਬਾਗ ਮਾਮਲੇ ’ਚ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵਲੋਂ ਕੀਤੇ ਟਵੀਟ ਨਾਲ ਅਪਣੀ ਸਹਿਮਤੀ ਪ੍ਰਗਟ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਡੇ ਇਤਿਹਾਸ ਅਤੇ ਇਤਿਹਾਸਕ ਸਥਾਨਾਂ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ।