ਹਰੀਸ਼ ਰਾਵਤ ਦੀ ਚੰਡੀਗੜ੍ਹ ਗੇੜੀ ਮਗਰੋਂ ਸਰਕਾਰੀ ਧਿਰ ਖ਼ੁਸ਼, ਬਾਗ਼ੀ ਨਿਰਾਸ਼
ਹਰੀਸ਼ ਰਾਵਤ ਦੀ ਚੰਡੀਗੜ੍ਹ ਗੇੜੀ ਮਗਰੋਂ ਸਰਕਾਰੀ ਧਿਰ ਖ਼ੁਸ਼, ਬਾਗ਼ੀ ਨਿਰਾਸ਼
ਮੁੱਖ ਮੰਤਰੀ ਨੇ ਕੁੱਝ ਮਾਮਲਿਆਂ ਦੀਆਂ ਕਾਨੂੰਨੀ ਰੁਕਾਵਟਾਂ ਬਾਰੇ ਵੀ ਰਾਵਤ ਨੂੰ ਦਸਿਆ, ਐਡਵੋਕੇਟ ਜਨਰਲ, ਐਸ.ਟੀ.ਐਫ਼ ਮੁਖੀ ਅਤੇ ਡੀ.ਜੀ.ਪੀ. ਵੀ ਬੁਲਾਏ ਗਏ ਸਨ
ਚੰਡੀਗੜ੍ਹ, 1 ਸਤੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਦੇ ਅੰਦਰੂਨੀ ਸੰਕਟ ਦੇ ਹੱਲ ਲਈ ਚੰਡੀਗੜ੍ਹ ਪੁੱਜੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਦੂਜੇ ਦਿਨ ਵੀ ਮੰਤਰੀਆਂ, ਕਾਂਗਰਸੀ ਵਿਧਾਇਕਾਂ ਤੇ ਆਗੂਆਂ ਨੂੰ ਮਿਲਣ ਦਾ ਸਿਲਸਿਲਾ ਜਾਰੀ ਰਖਿਆ। ਸ਼ਾਮ ਤਕ ਸਰਕਾਰੀ ਧਿਰ ਬਹੁਤ ਖ਼ੁਸ਼ ਵਿਖਾਈ ਦੇ ਰਹੀ ਸੀ ਪਰ ਬਾਗ਼ੀ ਧਿਰ ਓਨੀ ਹੀ ਨਿਰਾਸ਼। ਖ਼ਬਰ ਹੈ ਕਿ ਨਵਜੋਤ ਸਿੱਧੂ ਸ਼ਾਇਦ ਇਕ ਹੋਰ ਧਮਕੀ ਦੇਣ ਲਈ ਦਿੱਲੀ ਚਲੇ ਗਏ ਹਨ।
ਬੀਤੀ ਸ਼ਾਮ ਹਰੀਸ਼ ਰਾਵਤ ਨੇ ਚੰਡੀਗੜ੍ਹ ਪਹੁੰਚ ਕੇ ਸੱਭ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਕਾਰਜਕਾਰੀ ਪ੍ਰਧਾਨਾਂ ਨਾਲ ਮੀਟਿੰਗ ਕਰ ਕੇੇ ਨਰਾਜ਼ਗੀਆਂ ਨੂੰ ਲੈ ਕੇ ਵੱਖ ਵੱਖ ਨੁਕਤਿਆਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਦਕਿ ਨਰਾਜ਼ ਮੰਤਰੀ ਤੇ ਵਿਧਾਇਕ ਪਹਿਲਾਂ ਹੀ ਦੇਹਰਾਦੂਨ ਜਾ ਕੇ ਰਾਵਤ ਨੂੰ ਅਪਣੀ ਗੱਲ ਦਸ ਆਏ ਸਨ। ਅੱਜ ਦੂਜੇ ਦਿਨ ਦੀਆਂ ਮੁਲਾਕਾਤਾਂ ਵਿਚ ਸੱਭ ਤੋਂ ਅਹਿਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਸੀ, ਜੋ ਸਿਸਵਾਂ ਫ਼ਾਰਮ ਹਾਊਸ ਵਿਖੇ ਲਗਾਤਾਰ 3 ਘੰਟੇ ਚਲੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅੱਜ ਹੀ ਨਵਜੋਤ ਸਿੱਧੂ ਦੇ ਮੁੱਖ ਰਣਨੀਤੀਕਾਰ ਮੁਹੰਮਦ ਮੁਸਤਫ਼ਾ, ਨਰਾਜ਼ ਗਰੁਪ ਦੇ ਵਿਧਾਇਕ ਬਰਿੰਦਰਮੀਤ ਪਾਹੜਾ, ਕੈਪਟਨ ਸਮਰਥਕ ਮੰਤਰੀ ਬਲਬੀਰ ਸਿੰਘ ਸਿੱਧੂ, ਰਾਣਾ ਗੁਰਮੀਤ ਸੋਢੀ, ਓ.ਪੀ. ਸੋਨੀ
ਆਦਿ ਨਾਲ ਗੱਲਬਾਤ ਕਰ ਕੇ ਜਾਣਕਾਰੀ ਲਈ। ਜਿਥੋਂ ਤਕ ਮੁੱਖ ਮੰਤਰੀ ਨਾਲ ਚਲੀ ਲੰਮੀ ਮੀਟਿੰਗ ਦੀ ਗੱਲ ਹੈ ਉਸ ਵਿਚ ਵਿਚਾਰ ਚਰਚਾ ਮੁੱਖ ਤੌਰ ’ਤੇ ਹਾਈਕਮਾਨ ਵਲੋਂ ਤੈਅ 18 ਨੁਕਾਤੀ ਏਜੰਡੇ ’ਤੇ ਹੀ ਕੇਂਦਰਤ ਰਹੀ। ਮੁੱਖ ਮੰਤਰੀ ਵਲੋਂ ਵਿਸਥਾਰ ਵਿਚ ਇਸ ਏਜੰਡੇ ’ਤੇ ਹੋ ਰਹੇ ਕੰਮਾਂ ਦੀ ਪ੍ਰਤੀ ਬਾਰੇ ਜਾਣਕਾਰੀ ਦਿਤੀ।
ਇਨ੍ਹਾਂ 18 ਨੁਕਾਤੀ ਏਜੰਡੇ ਵਿਚ ਮੁੱਖ ਤੌਰ ’ਤੇ ਬਿਜਲੀ ਸਮਝੌਤਿਆਂ, ਬੇਅਦਬੀਆਂ, ਨਸ਼ਿਆਂ ਦੇ ਮੁੱਦੇ ਹੀ ਸੱਭ ਤੋਂ ਅੱਗੇ ਹਨ। ਮੁੱਖ ਮੰਤਰੀ ਨੇ ਇਨ੍ਹਾਂ ਮੁੱਦਿਆਂ ਦੇ ਕਾਨੂੰਨੀ ਤੇ ਤਕਨੀਕੀ ਪਹਿਲੂਆਂ ਕਾਰਨ ਪੈਦਾ ਰੁਕਾਵਟਾਂ ਦੀ ਜਾਣਕਾਰੀ ਦੇਣ ਲਈ ਸਬੰਧਤ ਅਧਿਕਾਰੀਆਂ ਨੂੰ ਵੀ ਸੱਦਿਆ ਹੋਇਆ ਸੀ। ਇਨ੍ਹਾਂ ਵਿਚ ਐਡਵੋਕੇਟ ਜਨਰਲ ਅਤੁਲ ਨੰਦ, ਨਸ਼ਾ ਵਿਰੋਧੀ ਐਸ.ਟੀ.ਐਫ਼ ਦੇ ਮੁਖੀ ਹਰਪ੍ਰੀਤ ਸਿੱਧੂ ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਦੇ ਨਾਮ ਜ਼ਿਕਰਯੋਗ ਹਨ। ਮੰਤਰੀਆਂ ਤੇ ਵਿਧਾਇਕਾਂ ਦੀਆਂ ਨਰਾਜ਼ਗੀਆਂ ’ਤੇ ਵੀ ਚਰਚਾ ਹੋਈ। ਇਹ ਵੀ ਪਤਾ ਲੱਗਾ ਹੈ ਕਿ ਮੱਖ ਮੰਤਰੀ ਨੇ ਹਰੀਸ਼ ਰਾਵਤ ਸਾਹਮਣੇ ਕੁੱਝ ਮੰਤਰੀਆਂ, ਵਿਧਾਇਕਾਂ ਤੇ ਆਗੂਆਂ ਵਲੋਂ ਖੁਲ੍ਹੇਆਮ ਮੀਡੀਆ ਰਾਹੀਂ ਸਰਕਾਰ ਦੇ ਕੰਮਾਂਕਾਰਾਂ ਨੂੰ ਲੈ ਕੇ ਕੀਤੀ ਜਾਂਦੀ ਆਲੋਚਨਾ ਵਾਲੀ ਬਿਆਨਬਾਜ਼ੀ ਦਾ ਮੁੱਦਾ ਉਠਾਇਆ। ਇਸ ਨੂੰ ਰੋਕਣ ਲਈ ਕਿਹਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸੱਭ ਨੂੰ ਨਾਲ ਲੈ ਕੇ ਚਲਣ ਲਈ ਤਿਆਰ ਹਨ ਪਰ ਸੱਭ ਨੂੰ ਅਪਣੀ ਗੱਲ ਪਾਰਟੀ ਜਾਂ ਸਰਕਾਰ ਦੇ ਅੰਦਰ ਹੀ ਰੱਖਣੀ ਚਾਹੀਦੀ ਹੈ।
ਡੱਬੀ
ਮੰਤਰੀਆਂ ਤੇ ਵਿਧਾਇਕਾਂ ਦੀਆਂ ਨਰਾਜ਼ਗੀਆਂ ਦੂਰ ਕਰਨ ਲਈ ਕਿਹਾ: ਰਾਵਤ
ਅੱਜ ਸਿਸਵਾਂ ਹਾਊਸ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਬਾਅਦ ਹਰੀਸ਼ ਰਾਵਤ ਨੇ ਕਿਹਾ ਕਿ ਨਾਰਾਜ਼ ਕੁੱਝ ਮੰਤਰੀਆਂ ਤੇ ਵਿਧਾਇਕਾਂ ਨੇ ਅਪਣੇ ਜੋ ਇਤਰਾਜ਼ ਦੇਹਰਾਦੂਨ ਜਾ ਕੇ ਮੇਰੇ ਸਾਹਮਣੇ ਰੱਖੇ ਸਨ, ਉਨ੍ਹਾਂ ਬਾਰੇ ਮੁੱਖ ਮੰਤਰੀ ਨੂੰ ਜਾਣੂੰ ਕਰਵਾ ਕੇ ਨਰਾਜ਼ਗੀਆਂ ਦੂਰ ਕਰਨ ਲਈ ਕਿਹਾ ਗਿਆ ਹੈ। ਉਮੀਦ ਹੈ ਕਿ ਛੇਤੀ ਹੀ ਸੱਭ ਕੁੱਝ ਠੀਕ ਹੋਣ ਬਾਅਦ ਇਕਜੁਟ ਹੋ ਕੇ ਕੰਮ ਕਰਨਗੇ। ਤਿੰਨ ਖੇਤੀ ਕਾਨੂੰਨ ਜੋ ਵਿਧਾਨ ਸਭਾ ਵਿਚ ਰੱਦ ਕਰ ਕੇ ਉਨ੍ਹਾਂ ਮੁਕਾਬਲੇ ਸੋਧੇ ਹੋਏ ਕਾਨੂੰਨ ਬਣਾਏ ਗਏ ਹਨ, ਨੂੰ ਰਾਜਪਾਲ ’ਤੇ ਦਬਾਅ ਬਣਾ ਕੇ ਪ੍ਰਵਾਨਗੀ ਲਈ ਰਾਸ਼ਟਰਪਤੀ ਕੋਲ ਭਿਜਵਾਉਣ ਲਈ ਕਿਹਾ ਗਿਆ ਹੈ। ਸਾਰੇ ਬਿਜਲੀ ਸਮਝੌਤੇ ਭਾਵੇਂ ਰੱਦ ਕਰ ਕੇ ਕਾਨੂੰਨੀ ਰੂਪ ਵਿਚ ਮੁਸ਼ਕਲ ਹਨ ਪਰ ਲੋਕਾਂ ਨੂੰ ਸਸਤੀ ਬਿਜਲੀ ਦੇਣ ਲਈ ਕੋਈ ਰਾਹ ਕੱਢਣ ਲਈ ਕਿਹਾ ਗਿਆ ਹੈ। ਟਰਾਂਸਪੋਰਟ ਤੇ ਹੋਰ ਮਾਫ਼ੀਏ ਵਿਰੁਧ ਕਾਰਵਾਈ ਵਿਚ ਤੇਜ਼ੀ ਲਿਆਉਣ, ਬੇਅਦਬੀਆਂ ਦੇ ਮੁੱਦੇ ਅਤੇ ਨਸ਼ਿਆਂ ਦੇ ਮਾਮਲੇ ਵਿਚ ਵੀ ਕਾਰਵਾਈ ਨੂੰ ਹੋਰ ਕਾਰਗਰ ਬਣਾਉਣ ਬਾਰੇ ਗੱਲ ਕੀਤੀ। ਇਨ੍ਹਾਂ ਮੁੱਦਿਆਂ ਨੂੰ ਲੈ ਕੇ ਹੀ ਆਗੂਆਂ ਦੀ ਨਰਾਜ਼ਗੀ ਹੈ।