ਕੇਂਦਰ ਕੋਲੋਂ ਪਟਰੌਲੀਅਮ ਤੋਂ ਹੋਈ 23 ਲੱਖ ਕਰੋੜ ਦੀ ਕਮਾਈ ਦਾ ਮੰਗਿਆ ਹਿਸਾਬ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰ ਕੋਲੋਂ ਪਟਰੌਲੀਅਮ ਤੋਂ ਹੋਈ 23 ਲੱਖ ਕਰੋੜ ਦੀ ਕਮਾਈ ਦਾ ਮੰਗਿਆ ਹਿਸਾਬ

image

ਨਵੀਂ ਦਿੱਲੀ, 1 ਸਤੰਬਰ : ਗੈਸ ਸਿਲੰਡਰ ਅਤੇ ਪਟਰੌਲ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਧਾ ਕੇ ਸਿੱਧੀ ਆਮ ਆਦਮੀ ਨੂੰ ਸੱਟ ਮਾਰੀ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਜੀਡੀਪੀ ਵਧੀ ਹੈ। ਇਹ ਜੀਡੀਪੀ ਦਾ ਮਤਲਬ ਉਹ ਨਹੀਂ, ਜੋ ਤੁਸੀਂ ਸਮਝ ਰਹੇ ਹੋ, ਜੀਡੀਪੀ ਦਾ ਮਤਲਬ ਹੈ, ਗੈਸ, ਡੀਜ਼ਲ, ਪਟਰੌਲ ਅਤੇ ਸਰਕਾਰ ਨੇ ਪਿਛਲੇ 7 ਸਾਲ ਵਿਚ ਇਨ੍ਹਾਂ ਤਿੰਨਾਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਸਰਕਾਰ ਨੇ ਇਸ ਜ਼ਰੀਏ 23 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਪੈਸੇ ਕਿੱਥੇ ਗਏ? ਰਾਹੁਲ ਗਾਂਧੀ ਨੇ ਕਿਹਾ ਕਿ 2014 ਵਿਚ ਜਦੋਂ ਯੂਪੀਏ ਨੇ ਦਫ਼ਤਰ ਛੱਡਿਆ ਸੀ ਤਾਂ ਸਿਲੰਡਰ ਦੀ ਕੀਮਤ 410 ਰੁਪਏ ਸੀ। ਅੱਜ ਸਿਲੰਡਰ ਦੀ ਕੀਮਤ 885 ਰੁਪਏ ਹੈ।

 ਸਿਲੰਡਰ ਦੀ ਕੀਮਤ ਵਿਚ 116%ਦਾ ਵਾਧਾ ਹੋਇਆ ਹੈ। 2014 ਤੋਂ ਪਟਰੌਲ ਦੀ ਕੀਮਤ ਵਿਚ 42% ਅਤੇ ਡੀਜ਼ਲ ਦੀ ਕੀਮਤ ਵਿਚ 55% ਦਾ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਹਿਲਾਂ ਕਿਹਾ ਸੀ ਕਿ ਮੈਂ ਨੋਟਬੰਦੀ ਕਰ ਰਿਹਾ ਹਾਂ ਅਤੇ ਵਿੱਤ ਮੰਤਰੀ ਕਹਿੰਦੀ ਰਹਿੰਦੀ ਹੈ ਕਿ ਮੈਂ ਮੁਦਰੀਕਰਨ ਕਰ ਰਹੀ ਹਾਂ। ਅਸਲ ਅਰਥਾਂ ਵਿਚ  ਸਰਕਾਰ ਨੇ ਕਿਸਾਨਾਂ, ਮਜਦੂਰਾਂ, ਛੋਟੇ ਦੁਕਾਨਦਾਰਾਂ, ਐਮਐਸਐਮਈ, ਤਨਖ਼ਾਹਦਾਰ ਵਰਗ, ਸਰਕਾਰੀ ਕਰਮਚਾਰੀਆਂ ਅਤੇ ਇਮਾਨਦਾਰ ਉਦਯੋਗਪਤੀਆਂ ਦੀ ਨੋਟਬੰਦੀ ਕੀਤੀ ਹੈ। 
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਘਰੇਲੂ ਰਸੋਈ ਗੈਸ (ਐਲਪੀਜੀ) ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਬੇਇਨਸਾਫ਼ੀ ਵਿਰੁਧ ਇਕਜੁਟ ਹੋ ਰਿਹਾ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ “ਜਨਤਾ ਨੂੰ ਭੁੱਖੇ ਢਿੱਡ ਸੌਣ ਲਈ ਮਜਬੂਰ ਕਰਨ ਵਾਲਾ ਆਪ ਮਿੱਤਰਾਂ ਦੇ ਪਰਛਾਂਵੇ ਵਿਚ ਸੌਂ ਰਿਹਾ ਹੈ, ਪਰ ਦੇਸ਼ ਬੇਇਨਸਾਫ਼ੀ ਦੇ ਵਿਰੁਧ ਇਕਜੁਟ ਹੋ ਰਿਹਾ ਹੈ।” ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਸ ਸਾਲ ਜਨਵਰੀ ਤੋਂ ਚਾਰ ਮਹਾਨਗਰਾਂ ਵਿਚ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਵਾਧੇ ਦੀ ਇਕ ਸੂਚੀ ਵੀ ਸਾਂਝੀ ਕੀਤੀ ਹੈ, ਜਿਸ ਦੇ ਨਾਲ ਹੈਸਟੈਗ ‘ਭਾਜਪਾ ਦੀ ਲੁੱਟ ਵਿਰੁਧ ਭਾਰਤ’ ਲਿਖਿਆ ਗਿਆ ਹੈ।