ਦੂਜਾ ਕਰਨਾਲ ਬਣਿਆ ਮੋਗਾ, ਮੁੜ ਹੋਇਆ ਕਿਸਾਨਾਂ 'ਤੇ ਤਸ਼ੱਦਦ
ਅੱਧੀ ਦਰਜਨ ਕਿਸਾਨ ਅਤੇ ਪੁਲਿਸ ਕਰਮਚਾਰੀ ਜ਼ਖਮੀ ਹੋਏ ਹਨ
ਮੋਗਾ - ਮੋਗਾ ਦੀ ਅਨਾਜ ਮੰਡੀ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੈਲੀ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚ ਜ਼ਬਰਦਸਤ ਝੜਪ ਹੋਈ। ਦੋਵਾਂ ਪਾਸਿਆਂ ਤੋਂ ਇੱਟਾਂ-ਪੱਥਰ ਚੱਲੇ, ਜਿਸ ਕਾਰਨ ਇੱਕ ਦਰਜਨ ਵਾਹਨਾਂ ਦੀ ਤੋੜਫੋੜ ਹੋਈ ਅਤੇ ਅੱਧੀ ਦਰਜਨ ਕਿਸਾਨ ਅਤੇ ਪੁਲਿਸ ਕਰਮਚਾਰੀ ਜ਼ਖਮੀ ਹੋਏ ਹਨ। ਪੁਲਿਸ ਨੇ ਕੁਝ ਕਿਸਾਨਾਂ ਨੂੰ ਹਿਰਾਸਤ ਵਿਚ ਵੀ ਲਿਆ ਹੈ।
ਇਹ ਕਿਸਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਘਿਰਾਓ ਕਰਨ ਪਹੁੰਚੇ ਸਨ ਅਤੇ ਰੈਲੀ ਨੂੰ ਰੋਕਣ ਲਈ ਗਏ ਸਨ। ਪਰ ਕਿਸਾਨਾਂ ਨੂੰ ਰਸਤੇ ਵਿਚ ਹੀ ਰੋਕ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ। ਵੀਰਵਾਰ ਸਵੇਰ ਤੋਂ ਹੀ ਕਿਸਾਨਾਂ ਨੇ ਫ਼ਿਰੋਜ਼ਪੁਰ ਰੋਡ 'ਤੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਕਿਸਾਨਾਂ ਨੂੰ ਅਨਾਜ ਮੰਡੀ ਦੇ ਸਾਹਮਣੇ ਬੈਰੀਕੇਡ ਲਗਾ ਕੇ ਰੋਕਿਆ।
ਕਿਸਾਨਾਂ ਨੇ ਬੈਰੀਕੇਡ ਤੋੜ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਜਿਵੇਂ ਹੀ ਸੁਖਬੀਰ ਸਿੰਘ ਬਾਦਲ ਨੇ ਸਟੇਜ ਤੋਂ ਸੰਬੋਧਨ ਕਰਨਾ ਸ਼ੁਰੂ ਕੀਤਾ, ਕਿਸਾਨਾਂ ਨੇ ਸੜਕ 'ਤੇ ਖੜ੍ਹੇ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਾਹਨਾਂ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਦੋਂ ਪੁਲਿਸ ਨੇ ਜਲ ਤੋਪਾਂ ਦੀ ਵਰਤੋਂ ਕੀਤੀ ਤਾਂ ਕਿਸਾਨਾਂ ਨੇ ਪੁਲਿਸ 'ਤੇ ਵੀ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਇਸ 'ਤੇ ਪੁਲਿਸ ਨੂੰ ਹਲਕੀ ਲਾਠੀ ਫੋਰਸ ਦੀ ਵਰਤੋਂ ਕਰਨੀ ਪਈ। ਇਸ ਦੌਰਾਨ ਅੱਧੀ ਦਰਜਨ ਕਿਸਾਨ ਅਤੇ ਪੁਲਿਸ ਕਰਮਚਾਰੀ ਜਖ਼ਮੀ ਹੋਏ।