ਪ੍ਰਾਇਮਰੀ ਸਕੂਲ ਦੀ ਅਧਿਆਪਿਕਾ ਨੇ ਕਲਾਸ ਰੂਮ 'ਚ ਪੱਖੇ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ
ਮਾਛੀਵਾੜਾ ਸਾਹਿਬ: ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਪੰਜਗਰਾਈਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਿਕਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਅਧਿਆਪਿਕਾ ਦੀ ਪਹਿਚਾਣ ਸਿਮਰਨਜੀਤ ਕੌਰ (22) ਵਾਸੀ ਟਾਂਡਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪੰਜਗਰਾਈਆਂ ਸਕੂਲ ਵਿਚ 2 ਵਜੇ ਛੁੱਟੀ ਹੋਈ ਅਤੇ ਬੱਚੇ ਆਪਣੇ ਘਰਾਂ ਨੂੰ ਪਰਤ ਰਹੇ ਸਨ ਕਿ ਇਸ ਦੌਰਾਨ ਸਕੂਲ ਵਿਚ ਬੱਚਿਆਂ ਨੂੰ ਲੈਣ ਆਏ ਇਕ ਵਿਅਕਤੀ ਨੇ ਜਦੋਂ ਕਲਾਸ ਰੂਮ ਵਿਚ ਸਿਮਰਨਜੀਤ ਕੌਰ ਨੂੰ ਪੱਖੇ ਨਾਲ ਲਟਕਦੇ ਦੇਖਿਆ ਤਾਂ ਉਸਨੇ ਤੁਰੰਤ ਰੌਲਾ ਪਾਇਆ ਤਾਂ ਇਸ ਦੌਰਾਨ ਸਕੂਲ ਵਿਚ ਮੌਜੂਦ ਪ੍ਰਿੰਸੀਪਲ ਅਤੇ ਹੋਰ ਸਟਾਫ਼ ਵੀ ਭੱਜੇ ਆਏ ਜਿਨ੍ਹਾਂ ਨੇ ਅਧਿਆਪਿਕਾ ਦੇ ਗਲ ਤੋਂ ਫਾਹਾ ਲਾਹਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ: ਘਰ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਦੇ ਬਾਵਜੂਦ ਮਾਸੂਮ ਦਾ ਨਹੀਂ ਹੋਇਆ ਵਾਲ ਵੀ ਵਿੰਗਾ
ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਮਰਾਲਾ ਜਸਪਿੰਦਰ ਸਿੰਘ, ਥਾਣਾ ਮੁਖੀ ਸੰਤੋਖ ਸਿੰਘ ਵੀ ਮੌਕੇ ’ਤੇ ਪੁੱਜੇ ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਪਰ ਅਜੇ ਤੱਕ ਅਧਿਆਪਿਕਾ ਵਲੋਂ ਆਤਮ-ਹੱਤਿਆ ਦੇ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਲੱਗ ਸਕਿਆ। ਪੁਲਿਸ ਵਲੋਂ ਮ੍ਰਿਤਕ ਅਧਿਆਪਕਾ ਦਾ ਮੋਬਾਇਲ ਆਪਣੇ ਕਬਜ਼ੇ ’ਚ ਲੈ ਲਿਆ ਹੈ ਜਿਸ ਤੋਂ ਕੁਝ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ ਕਿ ਉਸਨੇ ਆਤਮ-ਹੱਤਿਆ ਕਿਉਂ ਕੀਤੀ। ਫਿਲਹਾਲ ਪੁਲਿਸ ਵਲੋਂ ਲਾਸ਼ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭਿਜਵਾ ਦਿਤੀ ਹੈ ਅਤੇ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਹੁਣ ਕੀਪੈਡ ਫੋਨ ਰਾਹੀਂ ਵੀ ਜਲਦ ਹੋਵੇਗਾ ਆਨਲਾਈਨ ਭੁਗਤਾਨ-ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ
ਮ੍ਰਿਤਕ ਲੜਕੀ ਦੇ ਪਿਤਾ ਮੋਹਣ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਕੌਰ ਨੇ ਈ.ਟੀ.ਟੀ. ਦਾ ਕੋਰਸ ਕੀਤਾ ਹੋਇਆ ਸੀ ਅਤੇ ਉਹ ਪਿਛਲੇ 1 ਸਾਲ ਤੋਂ ਨੇੜਲੇ ਪਿੰਡ ਪੰਜਗਰਾਈਆਂ ਵਿਖੇ ਸਰਕਾਰੀ ਸਕੂਲ ਵਿਚ ਪ੍ਰਾਈਵੇਟ ਤੌਰ ’ਤੇ ਅਧਿਆਪਿਕਾ ਵਜੋਂ ਡਿਊਟੀ ਨਿਭਾਅ ਰਹੀ ਸੀ। ਉਨ੍ਹਾਂ ਦੱਸਿਆ ਕਿ ਲੜਕੀ ਬਹੁਤ ਹੋਣਹਾਰ ਸੀ ਜੋ ਕਿ ਨਾਲ-ਨਾਲ ਬੀ.ਏ. ਦੀ ਪੜ੍ਹਾਈ ਵੀ ਕਰ ਰਹੀ ਸੀ ਪਰ ਅਚਾਨਕ ਉਸਨੇ ਆਤਮ-ਹੱਤਿਆ ਵਰਗਾ ਕਦਮ ਕਿਉਂ ਚੁੱਕਿਆ ਉਸ ਤੋਂ ਬੜੇ ਹੈਰਾਨ ਹਨ।