ਸਰਕਾਰੀ ਖਜ਼ਾਨੇ 'ਚ ਟੈਕਸ ਦਾ ਪੈਸਾ ਜਮ੍ਹਾ ਨਾ ਕਰਵਾਉਣ 'ਤੇ ਪਟਿਆਲਾ ਨਿਗਮ ਕਲਰਕ ਨੌਕਰੀ ਤੋਂ ਟਰਮੀਨੇਟ
2 ਸਾਲ ਬਾਅਦ ਆਡਿਟ ਟੀਮ ਨੇ ਇਸ ਦਾ ਖ਼ੁਲਾਸਾ ਕੀਤਾ
ਪਟਿਆਲਾ - ਸਰਕਾਰ ਨੇ ਨਗਰ ਨਿਗਮ ਦੇ ਕਲਰਕ ਰਾਜਨ ਪਾਠੀ ਨੂੰ ਨਗਰ ਨਿਗਮ ਵਿਚ 62 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿਚ ਟਰਮੀਨੇਟ ਕਰ ਦਿੱਤਾ ਹੈ। ਦੋਸ਼ ਹੈ ਕਿ ਨਿਗਮ ਦੀ ਬਿਲਡਿੰਗ, ਲਾਇਸੈਂਸ ਅਤੇ ਵਾਟਰ ਸਪਲਾਈ ਬ੍ਰਾਂਚਾਂ ਵਿਚ ਨਕਦੀ ਵਸੂਲਣ ਵਾਲੇ ਕਲਰਕ ਨੇ ਸਰਕਾਰੀ ਖ਼ਜ਼ਾਨੇ ਵਿਚ ਪੈਸੇ ਜਮ੍ਹਾਂ ਨਹੀਂ ਕਰਵਾਏ। 2 ਸਾਲ ਬਾਅਦ ਆਡਿਟ ਟੀਮ ਨੇ ਇਸ ਦਾ ਖ਼ੁਲਾਸਾ ਕੀਤਾ। ਨਿਗਮ ਨੇ ਮੁਲਜ਼ਮ ਕਲਰਕ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਦਕਿ ਥਾਣਾ ਸਿਵਲ ਲਾਈਨ ਪੁਲਿਸ ਨੇ ਕੇਸ ਦਰਜ ਕਰ ਲਿਆ।
ਜਾਂਚ ਤੋਂ ਬਾਅਦ ਹੁਣ ਸਰਕਾਰ ਨੇ ਇਸ ਕਲਰਕ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ। ਇਸ ਗੱਲ ਦੀ ਪੁਸ਼ਟੀ ਨਗਰ ਨਿਗਮ ਦੇ ਸੁਪਰਡੈਂਟ ਸੰਜੀਵ ਗਰਗ ਨੇ ਕੀਤੀ ਹੈ। ਮੁਲਜ਼ਮ ਕਲਰਕ ਰਾਜਨ ਪਾਠੀ ਵਾਸੀ ਗਾਂਧੀ ਨਗਰ ਪਿਛਲੇ ਲੰਮੇ ਸਮੇਂ ਤੋਂ ਨਿਗਮ ਦੀ ਬਿਲਡਿੰਗ, ਲਾਇਸੈਂਸ ਅਤੇ ਵਾਟਰ ਸਪਲਾਈ ਸ਼ਾਖਾ ਵਿਚ ਨਕਦੀ ਦੀ ਰਿਕਵਰੀ ਕਰ ਰਿਹਾ ਸੀ।
ਜੇਕਰ ਕੋਈ ਉਸ ਕੋਲ ਕਿਸੇ ਕਿਸਮ ਦੀ ਫ਼ੀਸ ਲੈਣ ਆਉਂਦਾ ਸੀ ਤਾਂ ਉਹ ਪੈਸੇ ਲੈ ਕੇ ਰਸੀਦ ਦੇ ਦਿੰਦਾ ਸੀ। ਉਹ ਪੈਸੇ ਨਿਗਮ ਦੇ ਖਾਤੇ ਵਿਚ ਜਮ੍ਹਾਂ ਕਰਵਾਉਣ ਦੀ ਬਜਾਏ ਆਪਣੀ ਜੇਬ੍ਹ ਵਿਚ ਪਾ ਲੈਂਦਾ ਸੀ। ਨਿਗਮ ਦੇ ਕਿਸੇ ਵੀ ਅਧਿਕਾਰੀ ਨੂੰ ਧਾਂਦਲੀ ਬਾਰੇ ਕੁਝ ਪਤਾ ਨਹੀਂ ਸੀ। ਆਡਿਟ ਟੀਮ ਵੱਲੋਂ ਜਦੋਂ ਸ਼ਾਖਾਵਾਂ ਦਾ ਆਡਿਟ ਕੀਤਾ ਗਿਆ ਤਾਂ ਰਿਕਾਰਡ ਚੈੱਕ ਕਰਨ ਤੋਂ ਬਾਅਦ ਗਬਨ ਦਾ ਪਤਾ ਲੱਗਿਆ। ਜਾਂਚ ਦੌਰਾਨ ਜਦੋਂ ਕਲਰਕ ਤੋਂ ਪੁੱਛਗਿੱਛ ਕੀਤੀ ਗਈ ਤਾਂ ਕੋਈ ਜਵਾਬ ਨਹੀਂ ਮਿਲਿਆ। ਦੋਸ਼ ਹੈ ਕਿ ਕਲਰਕ ਨੇ 62,44,385 ਰੁਪਏ ਦੀ ਧੋਖਾਧੜੀ ਕੀਤੀ ਹੈ।