ਲੁਟੇਰੇ ਦਾ ਨਸ਼ੇ 'ਚ ਧੁੱਤ ਹੋਏ ਦਾ ਵੀਡੀਓ ਵਾਇਰਲ, ਘਰ 'ਚ ਚੋਰੀ ਕਰਨ ਵੜਿਆ ਸੀ ਚੋਰ
ਜੇਬ 'ਚੋਂ ਨਸ਼ੀਲੇ ਟੀਕੇ ਬਰਾਮਦ
ਫਰੀਦਕੋਟ - ਫਰੀਦਕੋਟ ਦੀ ਸ਼੍ਰੀ ਗੁਰੂ ਨਾਨਕ ਕਲੋਨੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਇੱਕ ਸ਼ਰਾਬੀ ਚੋਰ ਚੋਰੀ ਕਰਨ ਲਈ ਇੱਕ ਘਰ ਵਿਚ ਦਾਖ਼ਲ ਹੋ ਗਿਆ। ਜਿੱਥੇ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਦੋਂ ਕੁੱਟਮਾਰ ਕੀਤੀ ਗਈ ਤਾਂ ਪੁਲਿਸ ਨੇ ਮੁਲਜ਼ਮ ਦੀ ਜੇਬ੍ਹ ਵਿਚੋਂ ਨਸ਼ੀਲੇ ਪਦਾਰਥਾਂ ਦੇ ਪੈਕਟ ਅਤੇ ਟੀਕੇ ਬਰਾਮਦ ਕੀਤੇ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦੀ ਸੂਚਨਾ ਤੁਰੰਤ ਇਲਾਕਾ ਪੁਲਿਸ ਨੂੰ ਦਿੱਤੀ ਗਈ। ਪਰ ਜਦੋਂ ਤੱਕ ਪੁਲਿਸ ਮੌਕੇ 'ਤੇ ਪਹੁੰਚੀ, ਦੋਸ਼ੀ ਮੌਕੇ ਤੋਂ ਫ਼ਰਾਰ ਹੋ ਚੁੱਕਾ ਸੀ। ਵਾਇਰਲ ਹੋਈ ਵੀਡੀਓ ਦੇ ਆਧਾਰ 'ਤੇ ਪੁਲਿਸ ਅਧਿਕਾਰੀ ਹੁਣ ਕਹਿ ਰਹੇ ਹਨ ਕਿ ਦੋਸ਼ੀ ਨੂੰ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਕੋਲ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਵੀਡੀਓ ਸਾਹਮਣੇ ਆਈ ਹੈ।
ਉਹਨਾਂ ਨੇ ਕਿਹਾ ਕਿ ਦੇਖਣ ਨੂੰ ਤਾਂ ਨੌਜਵਾਨ ਨਸ਼ੇ ਦਾ ਆਦੀ ਲੱਗ ਰਿਹਾ ਹੈ ਬਾਕੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਉਸੇ ਤਰ੍ਹਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀ ਨੇ ਕਿਹਾ ਕਿ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਜੇ ਉਹ ਨਸ਼ਾ ਤਸਕਰਾਂ ਤੋਂ ਨਸ਼ਾ ਲਿਆਉਂਦਾ ਹੋਇਆ ਤਾਂ ਨਸ਼ਾ ਤਸਕਰਾਂ 'ਤੇ ਕਾਰਵਾਈ ਕੀਤੀ ਜਾਵੇਗੀ ਤੇ ਜੇ ਵਿਅਕਤੀ ਨਸ਼ੇ ਦਾ ਆਦੀ ਹੋਇਆ ਤਾਂ ਉਸ ਨੂੰ ਹਸਪਤਾਲ ਜਾਂ ਨਸ਼ਾ ਛੁਡਾਊਂ ਕੇਂਦਰ ਵਿਚ ਭਰਤੀ ਕਰਵਾਇਆ ਜਾਵੇਗਾ।