Kotkapura News : ਭ੍ਰਿਸ਼ਟਾਚਾਰ ਨੂੰ ਲੈ ਕੇ ਵੱਡੀ ਕਾਰਵਾਈ , 1 ਲੱਖ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਨਾਮਜ਼ਦ ASI ਸਸਪੈਂਡ

ਏਜੰਸੀ

ਖ਼ਬਰਾਂ, ਪੰਜਾਬ

ਕੇਸ ਰੱਦ ਕਰਵਾਉਣ ਲਈ ਮੰਗੀ ਸੀ ਰਿਸ਼ਵਤ

ASI Bohar Singh Suspend

Kotkapura News : 1 ਲੱਖ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਨਾਮਜ਼ਦ ਏ.ਐਸ.ਆਈ ਬੋਹੜ ਸਿੰਘ ਨੂੰ ਕੋਟਕਪੂਰਾ ਥਾਣਾ ਸਿਟੀ ਦੀ ਪੁਲਿਸ ਨੇ ਸਸਪੈਂਡ ਕਰ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਉਕਤ ਰਿਸ਼ਵਤ ਕਾਂਡ ਦੀ ਚਰਚਾ ਹੋਣ ਦੇ ਬਾਅਦ ਪੁਲਿਸ ਨੇ ਇਹ ਕਾਰਵਾਈ ਹੈ। ਕੁੱਝ ਦਿਨ ਪਹਿਲਾਂ ਹੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਉਕਤ ਏ.ਐਸ.ਆਈ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਥਾਣਾ ਸਿਟੀ ਕੋਟਕਪੂਰਾ 'ਚ ਮਾਮਲਾ ਦਰਜ ਕੀਤਾ ਗਿਆ ਸੀ।

ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਅਨੰਤਦੀਪ ਸਿੰਘ ਰੋਮਾ ਬਰਾੜ ਵਾਸੀ ਆਨੰਦ ਨਗਰ ਨੇ ਦੱਸਿਆ ਕਿ ਉਸ ਦੀ ਮਾਤਾ ਸੁਰਿੰਦਰਪਾਲ ਕੌਰ ਵਾਰਡ ਨੰ: 2 ਦੀ ਐਮ.ਸੀ ਹੈ, ਜਿਸ ਕਾਰਨ ਉਹ ਕੰਮ ਲਈ ਥਾਣਾ ਸਿਟੀ ਵਿਖੇ ਆਉਂਦਾ-ਜਾਂਦਾ ਰਹਿੰਦਾ ਸੀ। ਸਾਲ 2019 ‘ਚ ਹੌਲਦਾਰ ਬੋਹੜ ਸਿੰਘ ਥਾਣਾ ਸਿਟੀ ‘ਚ ਬਤੌਰ ਹੈੱਡ ਕਲਰਕ ਤਾਇਨਾਤ ਸੀ ਅਤੇ ਲੋਕਾਂ ਦੇ ਕੰਮ ਕਰਵਾਉਣ ਸਮੇਂ ਉਸ ਦੀ ਜਾਣ-ਪਛਾਣ ਹੈੱਡ ਕਲਰਕ ਨਾਲ ਹੋ ਗਈ।

ਸ਼ਿਕਾਇਤ ਅਨੁਸਾਰ ਅਨੰਤਦੀਪ ਸਿੰਘ ਖ਼ਿਲਾਫ਼ ਸਤੰਬਰ 2015 ਵਿੱਚ ਥਾਣਾ ਸਿਟੀ ਕੋਟਕਪੂਰਾ ਵਿੱਚ ਅਪਰਾਧਿਕ ਮਾਮਲਾ ਦਰਜ ਹੋਇਆ ਸੀ ਅਤੇ ਇਹ ਕੇਸ ਨਵੰਬਰ 2015 ਵਿੱਚ ਰੱਦ ਕਰ ਦਿੱਤਾ ਗਿਆ ਸੀ, ਜਿਸ ਦੀ ਰਿਪੋਰਟ ਦਸੰਬਰ 2016 ਵਿੱਚ ਅਦਾਲਤ ਵਿੱਚ ਪੇਸ਼ ਕੀਤੀ ਗਈ ਸੀ ਪਰ ਜਦੋਂ ਸ਼ਿਕਾਇਤਕਰਤਾ ਨਾ ਮੰਨਿਆ ਤਾਂ ਅਦਾਲਤ ਨੇ ਕੇਸ ਨੂੰ ਖਾਰਜ ਕਰ ਦਿੱਤਾ ਸੀ, ਜਿਸ ਨੂੰ ਮੁੜ ਜਾਂਚ ਲਈ ਪੁਲੀਸ ਕੋਲ ਭੇਜ ਦਿੱਤਾ ਗਿਆ ਸੀ।

ਇਸ ਮਾਮਲੇ ਸਬੰਧੀ ਜਦੋਂ ਅਨੰਤਦੀਪ ਸਿੰਘ ਨੇ ਹੈੱਡ ਮੁਨਸ਼ੀ ਬੋਹੜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਡੇਢ ਲੱਖ ਰੁਪਏ ਲੈ ਕੇ ਉਨ੍ਹਾਂ ਦਾ ਕੇਸ ਰੱਦ ਕਰਵਾਉਣ ਦਾ ਦਾਅਵਾ ਕੀਤਾ। ਸੌਦਾ ਤੈਅ ਹੋਣ ਤੋਂ ਬਾਅਦ ਉਸ ਨੇ ਬੋਹੜ ਸਿੰਘ ਨੂੰ 50 ਹਜ਼ਾਰ ਰੁਪਏ ਨਕਦ ਦਿੱਤੇ ਅਤੇ ਬਾਅਦ ਵਿੱਚ 50 ਰੁਪਏ ਦਾ ਚੈੱਕ ਵੀ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਨਾ ਤਾਂ ਉਸ ਦਾ ਕੇਸ ਰੱਦ ਕਰਵਾਇਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ, ਸਗੋਂ ਉਸ ਕੋਲੋਂ ਬਾਕੀ 50 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ।

ਥਾਣਾ ਸਿਟੀ ਦੇ ਐਸਐਚਓ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਬਿਆਨਾਂ ਦੇ ਆਧਾਰ ’ਤੇ ਏਐਸਆਈ ਬੋਹੜ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।