Patiala News : ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ , ਗਿਰੋਹ ਦੀਆਂ 4 ਔਰਤਾਂ ਸਮੇਤ 5 ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਰੀਬ ਪਰਿਵਾਰਾਂ ਤੋਂ ਹਜ਼ਾਰਾਂ ਵਿੱਚ ਖਰੀਦਦੇ ਸੀ ਬੱਚੇ , ਲੱਖਾਂ ਵਿੱਚ ਵੇਚਦੇ ਸੀ

Gang selling newborn babies busted in Patiala
ਹਜ਼ਾਰਾਂ ਵਿੱਚ ਖਰੀਦਣ ਤੋਂ ਬਾਅਦ ਲੱਖਾਂ ਵਿੱਚ ਵੇਚਦੇ ਸੀ ਬੱਚਾ 

Patiala News : ਪੰਜਾਬ 'ਚ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਕਰਨ ਵਾਲੇ ਗਿਰੋਹ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪਟਿਆਲਾ 'ਚ 10 ਦਿਨਾਂ ਦੀ ਨਵਜੰਮੀ ਬੱਚੀ ਦੀ ਡੀਲਿੰਗ ਲਈ ਸੌਦੇਬਾਜ਼ੀ ਚੱਲ ਰਹੀ ਸੀ। ਇਹ ਸੌਦਾ ਕਰਨ ਵਾਲੀਆਂ ਦੋ ਔਰਤਾਂ ਅਤੇ ਇੱਕ ਖਰੀਦਦਾਰ ਨੂੰ ਪੁਲੀਸ ਨੇ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ।

ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਪੰਜ ਮੈਂਬਰੀ ਗਰੋਹ ਪੰਜਾਬ ਵਿੱਚ ਬੱਚਿਆਂ ਨੂੰ ਵੇਚਣ ਦਾ ਰੈਕੇਟ ਚਲਾ ਰਿਹਾ ਸੀ। ਮੌਕੇ ਤੋਂ ਫੜੇ ਗਏ ਤਿੰਨ ਵਿਅਕਤੀਆਂ ਨੇ ਰਿਮਾਂਡ ਦੌਰਾਨ ਹੈਰਾਨੀਜਨਕ ਖੁਲਾਸੇ ਕੀਤੇ ਹਨ। ਜਿਸ ਤੋਂ ਬਾਅਦ ਪੰਜ ਦਿਨ ਦੀ ਬੱਚੀ ਸਮੇਤ ਦੋ ਹੋਰ ਔਰਤਾਂ ਨੂੰ ਫੜ ਲਿਆ ਗਿਆ।

ਪੁਲਸ ਨੇ ਇਨ੍ਹਾਂ ਪੰਜਾਂ ਨੂੰ ਰਿਮਾਂਡ 'ਤੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਹੁਣ ਤੱਕ ਵੇਚੇ ਗਏ ਬੱਚਿਆਂ ਅਤੇ ਖਰੀਦਦਾਰਾਂ ਤੋਂ ਇਲਾਵਾ ਇਨ੍ਹਾਂ ਦੇ ਅਸਲ ਪਰਿਵਾਰਾਂ ਤੱਕ ਪਹੁੰਚ ਕੀਤੀ ਜਾ ਸਕੇ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਥਾਣਾ ਕੋਤਵਾਲੀ ਪਟਿਆਲਾ ਦੇ ਐਸਐਚਓ ਹਰਜਿੰਦਰ ਸਿੰਘ ਅਤੇ ਡੀਐਸਪੀ ਵੈਭਵ ਚੌਧਰੀ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਗੁਰਪ੍ਰੀਤ ਕੌਰ ਨੇ ਕਾਬੂ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪਹਿਲਾਂ ਵੀ ਦਰਜ ਹੈ ਬੱਚਾ ਚੋਰੀ ਦਾ ਮਾਮਲਾ  

ਪਟਿਆਲਾ ਪੁਲੀਸ ਨੇ ਕੁਲਵਿੰਦਰ ਕੌਰ ਵਾਸੀ ਮੋਗਾ, ਸਰਬਜੀਤ ਕੌਰ ਵਾਸੀ ਮਲੇਰਕੋਟਲਾ ਅਤੇ ਰਾਜੇਸ਼ ਕੁਮਾਰ ਵਾਸੀ ਸਿਰਸਾ ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ ਸੀ। ਕੁਲਵਿੰਦਰ ਕੌਰ ਇੱਕ ਨਿੱਜੀ ਹਸਪਤਾਲ ਵਿੱਚ ਨਰਸ ਹੈ। ਸਰਬਜੀਤ ਕੌਰ ਸਰਕਾਰੀ ਹਸਪਤਾਲ ਵਿੱਚ ਪ੍ਰਾਈਵੇਟ ਸਵੀਪਰ ਵਜੋਂ ਕੰਮ ਕਰਦੀ ਸੀ।

ਰਾਜੇਸ਼ ਕੁਮਾਰ ਪ੍ਰਾਈਵੇਟ ਬਿਜਲੀ ਦੀ ਮੁਰੰਮਤ ਦਾ ਕੰਮ ਕਰਦਾ ਸੀ। ਇਨ੍ਹਾਂ ਤਿੰਨਾਂ ਨੂੰ ਚਾਰ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲੈ ਕੇ ਕਮਲੇਸ਼ ਕੌਰ ਅਤੇ ਜਸ਼ਨਦੀਪ ਕੌਰ ਵਾਸੀ ਮਾਨਸਾ, ਹੈਪੀ ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ਗਿਆ। ਰਿਕਾਰਡ ਤੋਂ ਪਤਾ ਲੱਗਾ ਹੈ ਕਿ ਕਮਲੇਸ਼ ਕੌਰ ਖ਼ਿਲਾਫ਼ ਪਹਿਲਾਂ ਵੀ ਬੱਚਾ ਚੋਰੀ ਦਾ ਕੇਸ ਦਰਜ ਹੈ।

ਹਜ਼ਾਰਾਂ ਵਿੱਚ ਖਰੀਦਣ ਤੋਂ ਬਾਅਦ ਲੱਖਾਂ ਵਿੱਚ ਵੇਚਦੇ ਸੀ ਬੱਚਾ 

ਐਸਪੀ ਸਿਟੀ ਨੇ ਦੱਸਿਆ ਕਿ ਇਹ ਗਰੋਹ ਗਰੀਬ ਪਰਿਵਾਰਾਂ ਦੇ ਬੱਚੇ 10,000 ਤੋਂ 60,000 ਰੁਪਏ ਵਿੱਚ ਖਰੀਦਦਾ ਸੀ। ਇਸ ਤੋਂ ਬਾਅਦ ਖਰੀਦਦਾਰਾਂ ਦੀ ਤਲਾਸ਼ ਕਰਦੇ ਹੋਏ ਇਨ੍ਹਾਂ ਬੱਚਿਆਂ ਨੂੰ ਲੱਖਾਂ ਰੁਪਏ 'ਚ ਵੇਚ ਦਿੰਦੇ ਸੀ। ਖਰੀਦਦਾਰ ਮਿਲਦੇ ਹੀ ਬਿਨਾਂ ਸੌਦੇਬਾਜ਼ੀ ਦੇ ਜਗ੍ਹਾ ਦੀ ਚੋਣ ਕਰਨ ਤੋਂ ਬਾਅਦ ਬੱਚੇ ਨੂੰ ਵੇਚਦੇ ਹੋਏ ਖਰੀਦਦਾਰ ਨੂੰ ਸੌਂਪ ਦਿੱਤਾ ਜਾਂਦਾ ਸੀ।