Punjab News: ਸੀਵਰੇਜ ਦੇ ਪਾਣੀ ਦੇ ਓਵਰਫਲੋ ਤੋਂ ਲੋਕ ਪਰੇਸ਼ਾਨ, ਹਾਈਕੋਰਟ ਦਾ ਸਰਕਾਰ ਨੂੰ ਨੋਟਿਸ

ਏਜੰਸੀ

ਖ਼ਬਰਾਂ, ਪੰਜਾਬ

Punjab News: ਰਾਜਾ ਵੜਿੰਗ ਨੇ ਗਿੱਦੜਬਾਹਾ ਸ਼ਹਿਰ ਅਤੇ ਸ੍ਰੀ ਮੁਕਤਸਰ ਸਾਹਿਬ ’ਚ ਸੀਵਰੇਜ ਦੇ ਪਾਣੀ ਦੇ ਓਵਰਫਲੋ ਸਬੰਧੀ ਕੀਤਾ ਸੀ ਅਦਾਲਤ ਦਾ ਰੁਖ

People are disturbed by the overflow of sewage water, notice of the High Court to the government

 

Punjab News: ਪੰਜਾਬ ਵਿੱਚ ਸੀਵਰੇਜ ਓਵਰਫਲੋ ਦੀ ਸਮੱਸਿਆ ਕਾਰਨ ਲੋਕ ਕਾਫ਼ੀ ਪਰੇਸ਼ਾਨ ਹਨ। ਸੀਵਰੇਜ ਦੀ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਵੀ ਮੰਗ ਕਰ ਰਹੇ ਹਨ। ਇਸ ਸਬੰਧੀ ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਇਲਾਕੇ ਵਿੱਚ ਵੀ ਇਹ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ, ਜਿਸ ਨੂੰ ਲੈ ਕੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੀਵਰੇਜ ਦੇ ਪਾਣੀ ਦੇ ਓਵਰਫਲੋ ਹੋਣ ਸਬੰਧੀ ਪੰਜਾਬ ਹਰਿਆਣਾ ਹਾਈਕੋਰਟ ਦਾ ਰੁੱਖ ਕੀਤਾ ਸੀ। 

ਓਵਰਫਲੋ ਸਬੰਧੀ ਰਾਜਾ ਵੜਿੰਗ ਨੇ ਪੰਜਾਬ-ਹਰਿਆਣਾ ਹਾਈਕੋਰਟ 'ਚ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਸੀ। ਹਾਈਕੋਰਟ ਨੇ ਇਸ ਮਾਮਲੇ 'ਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਮਾਮਲੇ 'ਚ ਜਲਦ ਕਾਰਵਾਈ ਕਰਨ ਲਈ ਕਿਹਾ ਹੈ।

ਐਡਵੋਕੇਟ ਨਿਖਿਲ ਘਈ ਰਾਹੀਂ ਦਾਇਰ ਕੀਤੀ ਗਈ ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਮੁਕਤਸਰ ਅਤੇ ਗਿੱਦੜਬਾਹਾ ਵਿੱਚ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਰਿਹਾ ਹੈ, ਜਿਸ ਕਾਰਨ ਇੱਥੋਂ ਦੇ ਹਜ਼ਾਰਾਂ ਵਸਨੀਕਾਂ ਲਈ ਤਰਸਯੋਗ ਹਾਲਾਤ ਬਣ ਗਏ ਹਨ। ਉਨ੍ਹਾਂ ਕਿਹਾ ਕਿ ਸੀਵਰੇਜ ਦੇ ਪਾਣੀ ਵਿੱਚੋਂ ਲੰਘਣ ਕਾਰਨ ਲੋਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਆਮ ਲੋਕ ਇਸ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ ਉਥੇ ਆਉਣ ਜਾਣ ਵਾਲੇ ਲੋਕ ਵੀ ਸੀਵਰੇਜ ਦੀ ਸਮੱਸਿਆ ਤੋ ਪ੍ਰੇਸ਼ਾਨ ਹਨ। ਉਨ੍ਹਾਂ ਤਰੁੰਤ ਇਸ ਦਾ ਹੱਲ ਕਰਨ ਦੀ ਮੰਗ ਕੀਤੀ ਸੀ।

ਪਟੀਸ਼ਨ 'ਚ ਅੱਗੇ ਕਿਹਾ ਗਿਆ ਹੈ ਕਿ ਇਸ ਵਾਰ ਬਰਸਾਤ ਦੇ ਮੌਸਮ ਦੌਰਾਨ ਪੂਰੇ ਮੁਕਤਸਰ ਅਤੇ ਖਾਸ ਕਰਕੇ ਗਿੱਦੜਬਾਹਾ ਵਿੱਚ ਸੀਵਰੇਜ ਦਾ ਪਾਣੀ ਓਵਰਫਲੋਅ ਹੋਣ ਕਾਰਨ ਇੱਥੋਂ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਰਿਹਾ ਹੈ ਅਤੇ ਸਥਾਨਕ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ, ਜਿਸ ਕਾਰਨ ਇੱਥੋਂ ਦੇ ਲੋਕ ਖਾਸ ਕਰ ਕੇ ਗਰੀਬ ਲੋਕ ਗੰਦੇ ਪਾਣੀ ਵਿੱਚ ਰਹਿਣ ਲਈ ਮਜਬੂਰ ਹਨ।

ਪਟੀਸ਼ਨ ਨਾਲ ਹਾਈਕੋਰਟ ਨੂੰ ਮੌਕੇ ਦੇ ਹਾਲਾਤਾਂ ਦੀਆਂ ਤਸਵੀਰਾਂ ਵੀ ਵਿਖਾਈ ਗਈਆਂ ਅਤੇ ਜਦੋਂ ਹਾਈਕੋਰਟ ਨੇ ਇੱਥੋਂ ਦੇ ਹਾਲਾਤ ਬਿਆਨ ਕਰਨ ਵਾਲੀ ਫੋਟੋ ਦੇਖੀ ਤਾਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਜੇਕਰ ਸ਼ਹਿਰਾਂ ਦਾ ਇਹ ਹਾਲ ਹੈ ਤਾਂ ਪਿੰਡਾਂ ਦਾ ਕੀ ਹਾਲ ਹੋਵੇਗਾ।ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਤੁਰੰਤ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ ਅਤੇ ਜਲਦ ਕਾਰਵਾਈ ਕਰਨ ਲਈ ਕਿਹਾ ਹੈ।