AAP MLA ਹਰਮੀਤ ਸਿੰਘ ਪਠਾਣਮਾਜਰਾ ਪੁਲਿਸ ਹਿਰਾਸਤ ’ਚੋਂ ਹੋਇਆ ਫਰਾਰ
ਹਰਿਆਣਾ ’ਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਵਿਧਾਇਕ ਨੂੰ ਪੰਜਾਬ ਲਿਆ ਰਹੀ ਸੀ ਪੁਲਿਸ
ਸਨੌਰ : ਆਮ ਆਦਮੀ ਪਾਰਟੀ ਦੇ ਪਟਿਆਲਾ ਜ਼ਿਲ੍ਹੇ ਦੇ ਸਨੌਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਏ ਹਨ। ਉਨ੍ਹਾਂ ਨੂੰ ਮੰਗਲਵਾਰ ਸਵੇਰੇ ਹਰਿਆਣਾ ਦੇ ਕਰਨਾਲ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਪੁਲਿਸ ਉਨ੍ਹਾਂ ਨੂੰ ਪੰਜਾਬ ਦੇ ਇੱਕ ਪੁਲਿਸ ਸਟੇਸ਼ਨ ਲੈ ਕੇ ਜਾ ਰਹੀ ਸੀ, ਜਿੱਥੇ ਰਸਤੇ ’ਚ ਪਠਾਣਮਾਜਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੁਲਿਸ ਵਾਲਿਆਂ ’ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਪਠਾਣਮਾਜਰਾ ਪੁਲਿਸ ਗ੍ਰਿਫ਼ਤ ’ਚੋਂ ਭੱਜਣ ’ਚ ਕਾਮਯਾਬ ਹੋ ਗਿਆ।
ਪਠਾਣਮਾਜਰਾ ਅਤੇ ਉਨ੍ਹਾਂ ਦੇ ਸਾਥੀ ਇੱਕ ਸਕਾਰਪੀਓ ਅਤੇ ਇੱਕ ਫਾਰਚੂਨਰ ਗੱਡੀ ਵਿਚ ਭੱਜ ਗਏ। ਜਿਨ੍ਹਾਂ ਵਿੱਚੋਂ ਪੁਲਿਸ ਨੇ ਫਾਰਚੂਨਰ ਗੱਡੀ ਨੂੰ ਚਾਲਕ ਸਮੇਤ ਫੜ ਲਿਆ। ਇਸ ਫਾਰਚੂਨਰ ’ਚੋਂ 3 ਪਿਸਤੌਲ ਬਰਾਮਦ ਕੀਤੇ ਗਏ ਹਨ। ਖਬਰ ਲਿਖੇ ਜਾਣ ਤੱਕ ਪੁਲਿਸ ਟੀਮ ਸਕਾਰਪੀਓ ਵਿੱਚ ਫਰਾਰ ਹੋਏ ਵਿਧਾਇਕ ਅਤੇ ਉਸ ਦੇ ਸਾਥੀ ਦਾ ਪਿੱਛਾ ਕਰ ਰਹੀ ਹੈ।
ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ ਪਠਾਣਮਾਜਰਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਪੰਜਾਬ ਪੁਲਿਸ ਨੇ ਮੇਰੀ ਸਾਬਕਾ ਪਤਨੀ ਨਾਲ ਸਬੰਧਤ ਇੱਕ ਪੁਰਾਣੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 376 (ਬਲਾਤਕਾਰ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ‘ਆਪ’ ਟੀਮ ਪੰਜਾਬ ’ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਮੇਰੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।
ਉਧਰ ਪਟਿਆਲਾ ’ਚ ਬਲਤੇਜ ਪੰਨੂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਗਿਆ ਕਿ ਵਿਧਾਇਕ ਪਠਾਣਮਾਜਰਾ ਖ਼ਿਲਾਫ਼ ਔਰਤ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਹੀ ਕਾਰਵਾਈ ਕੀਤੀ ਗਈ। ਉਸ ਵੱਲੋਂ ਔਰਤ ਨੂੰ ਇਤਰਾਜ਼ਯੋਗ ਵੀਡੀਓਜ਼ ਅਤੇ ਫੋਟੋਆਂ ਵਾਇਰਲ ਕਰਨ ਦੀ ਧਮਕੀ ਦਿੱਤੀ ਗਈ ਸੀ। ਜਿਸ ਦੇ ਚਲਦਿਆਂ ਵਿਧਾਇਕ ਖ਼ਿਲਾਫ਼ ਰੇਪ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਵਿਧਾਇਕ ਪਠਾਣਮਾਜਰਾ ਨੂੰ ਪਤਾ ਲੱਗਿਆ ਕਿ ਉਸ ਖਿਲਾਫ਼ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ, ਉਸ ਤੋਂ ਬਾਅਦ ਉਹ ਪਾਰਟੀ ਖਿਲਾਫ਼ ਹੜ੍ਹਾਂ ਨੂੰ ਲੈ ਕੇ ਬਿਆਨਬਾਜ਼ੀ ਕਰਨ ਲੱਗਿਆ ਹੈ।