ਕਪੂਰਥਲਾ ’ਚ ਪਤਨੀ ਦੇ ਧੋਖੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

28 ਲੱਖ ਰੁਪਏ ਖਰਚ ਪਤਨੀ ਨੂੰ ਭੇਜਿਆ ਸੀ ਕੈਨੇਡਾ, ਵਰਕ ਪਰਮਿਟ ਮਿਲਦਿਆਂ ਹੀ ਤੋੜਿਆ ਰਿਸ਼ਤਾ

Disturbed by his wife's betrayal, a young man committed suicide in Kapurthala.

ਕਪੂਰਥਲਾ:  ਕਪੂਰਥਲਾ ਦੇ ਇੱਕ ਨੌਜਵਾਨ ਨੇ ਆਪਣੀ ਪਤਨੀ ਤੋਂ ਮਿਲੇ ਧੋਖੇ ਕਾਰਨ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਲਵਜੀਤ ਸਿੰਘ ਨੇ ਆਪਣੀ ਪਤਨੀ ਨੂੰ 28 ਲੱਖ ਰੁਪਏ ਖਰਚ ਕਰਕੇ ਕੈਨੇਡਾ ਭੇਜਿਆ ਸੀ। ਪੁਲਿਸ ਨੇ ਇਸ ਮਾਮਲੇ ’ਚ ਉਸਦੀ ਪਤਨੀ ਹਰਮਨਪ੍ਰੀਤ ਕੌਰ, ਸੱਸ ਸੁਰਜੀਤ ਕੌਰ ਅਤੇ ਸਹੁਰਾ ਬਲਦੀਪ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਕਪੂਰਥਲਾ ਦੀ ਰਹਿਣ ਵਾਲੀ ਪਰਮਜੀਤ ਕੌਰ ਨੇ ਆਪਣੇ ਬਿਆਨ ’ਚ ਪੁਲਿਸ ਨੂੰ ਦੱਸਿਆ ਕਿ ਉਸਦੇ ਪੁੱਤਰ ਲਵਜੀਤ ਸਿੰਘ ਦਾ ਵਿਆਹ 23 ਜਨਵਰੀ 2020 ਨੂੰ ਹਰਮਨਪ੍ਰੀਤ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਨੂੰਹ ਹਰਮਨਪ੍ਰੀਤ ਕੌਰ ਨੂੰ 28 ਲੱਖ ਰੁਪਏ ਖਰਚ ਕਰਕੇ ਪੜ੍ਹਾਈ ਲਈ ਕੈਨੇਡਾ ਭੇਜਿਆ ਗਿਆ ਸੀ। ਇਸ ਵਿੱਚ ਕਾਲਜ ਦੀ ਫੀਸ ਅਤੇ ਰਹਿਣ-ਸਹਿਣ ਦਾ ਖਰਚਾ ਸ਼ਾਮਲ ਸੀ। ਜਦੋਂ ਉਹ ਵਿਦੇਸ਼ ਗਈ ਤਾਂ ਉਸਨੂੰ ਕੁਝ ਪੈਸੇ ਨਕਦ ਵੀ ਦਿੱਤੇ ਗਏ ਸਨ।
ਪਰਮਜੀਤ ਕੌਰ ਨੇ ਦੱਸਿਆ ਕਿ ਵਿਦੇਸ਼ ਜਾਣ ਤੋਂ ਬਾਅਦ ਨੂੰਹ ਹਰਮਨਪ੍ਰੀਤ ਕੌਰ ਮੇਰੇ ਪੁੱਤਰ ਨਾਲ ਉਦੋਂ ਤੱਕ ਸੰਪਰਕ ਵਿੱਚ ਰਹੀ ਜਦੋਂ ਤੱਕ ਉਸਨੂੰ ਵਰਕ ਪਰਮਿਟ ਨਹੀਂ ਸੀ ਮਿਲਿਆ। ਕਿਉਂਕਿ ਉਸਦੀ ਪੜ੍ਹਾਈ ਅਤੇ ਰਹਿਣ-ਸਹਿਣ ਦਾ ਸਾਰਾ ਖਰਚਾ ਉਹ ਖੁਦ ਭੇਜਦੇ ਸਨ। ਜਦੋਂ ਹਰਮਨਪੀਤ ਕੌਰ ਨੂੰ ਵਰਕ ਪਰਮਿਟ ਮਿਲ ਗਿਆ ਤਾਂ ਉਸ ਨੇ ਆਪਣੇ  ਲਵਜੀਤ ਨੂੰ ਫ਼ੋਨ ਕਰਕੇ ਕਿਹਾ ਕਿ ਉਹ ਉਸਨੂੰ ਨਾ ਤਾਂ ਕੈਨੇਡਾ ਬੁਲਾਏਗੀ ਅਤੇ ਨਾ ਹੀ ਉਸ ਨਾਲ ਕੋਈ ਰਿਸ਼ਤਾ ਰੱਖੇਗੀ। ਇਸ ਤੋਂ ਬਾਅਦ ਉਸਦਾ ਪੁੱਤਰ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗ ਪਿਆ।

ਪਰਮਜੀਤ ਕੌਰ ਨੇ ਦੱਸਿਆ ਕਿ 30 ਅਗਸਤ ਦੀ ਸ਼ਾਮ ਨੂੰ ਉਸਦੇ ਪੁੱਤਰ ਲਵਜੀਤ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਉਸਨੇ ਦੱਸਿਆ ਕਿ ਉਸਦੇ ਪੁੱਤਰ ਨੇ ਆਪਣੀ ਪਤਨੀ ਹਰਮਨਪ੍ਰੀਤ ਕੌਰ, ਸਹੁਰਾ ਬਲਦੀਪ ਸਿੰਘ ਅਤੇ ਸੱਸ ਸੁਰਜੀਤ ਕੌਰ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਮਾਂ ਦੇ ਬਿਆਨ ’ਤੇ ਬੇਗੋਵਾਲ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏਐਸਆਈ ਅਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।