ਚੋਣ ਕਮਿਸ਼ਨ ਵਲੋਂ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ
ਲਗਭਗ 7 ਮਹੀਨਿਆਂ ਬਾਅਦ ਅਗਲੇ ਸਾਲ ਮਈ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਾਸਤੇ ਚੋਣ ਕਮਿਸ਼ਨ ਨੇ ਹੁਣ ਤੋਂ ਹੀ ਦੇਸ਼ ਅੰਦਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ...........
ਚੰਡੀਗੜ੍ਹ : ਲਗਭਗ 7 ਮਹੀਨਿਆਂ ਬਾਅਦ ਅਗਲੇ ਸਾਲ ਮਈ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਾਸਤੇ ਚੋਣ ਕਮਿਸ਼ਨ ਨੇ ਹੁਣ ਤੋਂ ਹੀ ਦੇਸ਼ ਅੰਦਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਦੀਆਂ 5 ਡਿਵੀਜਨਾਂ ਜਲੰਧਰ, ਰੋਪੜ, ਫਰੀਦਕੋਟ, ਫਿਰੋਜ਼ਪੁਰ ਤੇ ਪਟਿਆਲਾ ਵਿਚ ਮੀਟਿੰਗਾਂ ਰਾਹੀਂ ਚੋਣ ਪ੍ਰਬੰਧਾਂ ਦਾ ਜਾਇਜ਼ਾ ਲੈਣ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਗਿਆ ਹੈ। ਭਾਰਤ ਦੇ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਅੰਮ੍ਰਿਤਸਰ ਵਿਚ 2 ਦਿਨ, ਜਲੰਧਰ ਡਿਵੀਜਨ ਦੇ 7 ਡਿਪਟੀ ਕਮਿਸਨਰਾਂ ਤੇ 7 ਐਡੀਸ਼ਨਲ ਡਿਪਟੀ ਕਮਿਸ਼ਨਰਾਂ ਨਾਲ ਨੌਜਵਾਨ ਵੋਟਰਾਂ ਬਾਰੇ ਚਰਚਾ ਕੀਤੀ।
ਹੁਣ 4 ਤੇ 5 ਅਕਤੂਬਰ ਨੂੰ ਸਾਰੇ ਮੁਲਕ ਦੇ ਚੋਣ ਅਧਿਕਾਰੀਆਂ ਦੀ ਵੱਡੀ ਬੈਠਕ ਨਵੀਂ ਦਿੱਲੀ ਵਿਚ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਓ.ਪੀ. ਰਾਵਤ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਹੋਏਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਕਰਨਾ ਰਾਜੂ ਨੇ ਅੱਜ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ ਜਲੰਧਰ ਡਿਵੀਜਨ ਹੇਠ ਆਉਦੇ 7 ਜ਼ਿਲ੍ਹਿਆਂ, ਤਰਨਤਾਰਨ, ਅ੍ਰਮਿੰਤਸਰ, ਗੁਰਦਾਸਪੁਰ, ਹੁਸ਼ਿਆਰੁਪਰ, ਜਲੰਧਰ, ਪਠਾਨਕੋਟ ਤੇ ਕਪੂਰਥਲਾ ਦੇ ਵੋਟਰਾਂ ਹੋਰ ਪ੍ਰਬੰਧਾਂ ਤੇ ਸੁਰੱਖਿਆਂ ਸਬੰਧੀ ਚਰਚਾ ਹੋ ਚੁੱਕੀ ਹੈ।
ਇਸੇ ਤਰ੍ਹਾਂ 2 ਹਫ਼ਤੇ ਪਹਿਲਾਂ ਰੋਪੜ ਡਿਵੀਜਨ ਹੇਠ ਆਉਂਦੇ ਨਵਾਂ ਸ਼ਹਿਰ, ਫਤਿਹਗੜ੍ਹ ਸਾਹਿਬ, ਰੋਪੜ, ਮੁਹਾਲੀ ਜ਼ਿਲ੍ਹਿਆਂ ਬਾਰੇ ਵੀ ਜਾਇਜ਼ਾ ਲਿਆ ਜਾ ਚੁੱਕਾ ਹੈ। ਬਾਕੀ ਰਹਿੰਦੀਆਂ 3 ਡਿਵੀਜਨਾਂ ਦੇ ਡਿਪਟੀ ਕਮਿਸ਼ਨਰਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵੀ ਬਹਿਸ ਤੇ ਚਰਚਾ ਦਾ ਦੌਰ ਜਾਰੀ ਰਹੇਗਾ। ਰਾਜਸਥਾਨ, ਮੱਧ ਪ੍ਰਦੇਸ਼, ਮਿਜ਼ਰੋਮ ਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਬਾਰੇ ਪੁਛੇ ਸੁਆਲ ਦਾ ਜਵਾਬ ਦਿੰਦਿਆਂ ਡਾ. ਕਰਨਾ ਰਾਜੂ ਨੇ ਦਸਿਆ ਕਿ ਇਨ੍ਹਾਂ ਸੂਬਿਆਂ ਵਿਚ ਅਗਲੇ ਮਹੀਨੇ ਪੈਣ ਵਾਲੀਆਂ ਵੋਟਾਂ ਵਾਸਤੇ ਪੰਜਾਬ ਤੋਂ 5 ਪੁਲਿਸ ਅਫ਼ਸਰਾਂ ਦੀ ਡਿਊਟੀ ਵਾਲੀ ਲਿਸਟ ਚੋਣ ਕਮਿਸ਼ਨ ਕੋਲ ਭੇਜੀ ਜਾ ਚੁੱਕੀ ਹੈ।
ਇਨ੍ਹਾਂ ਵਿਚ 1992 ਬੈਚ ਦਾ ਇਕ ਸੀਨੀਅਰ ਅਧਿਕਾਰੀ ਸਰਬਜੀਤ ਸਿੰਘ, 1997 ਬੈਚ ਦਾ ਵਰਿਦੰਰ ਕੁਮਾਰ ਮੀਨਾ, 2004 ਬੈਚ ਦੇ 3 ਅਫ਼ਸਰ ਚੰਦਰ ਗੇਂਦ, ਗਗਨਦੀਪ ਬਰਾੜ, ਅਰੁਣ ਸੇਖੜੀ ਅਤੇ 2005 ਬੈਚ ਦੇ 3 ਆਈ.ਏ.ਐਸ ਅਫ਼ਸਰ ਦੀਪਰਵਾ ਲਾਕੜਾ ਦਲਜੀਤ ਸਿੰਘ ਮਾਂਗਟ ਤੇ ਮਲਵਿੰਦਰ ਸਿੰਘ ਜੱਗੀ ਸ਼ਾਮਲ ਹਨ। ਦੋ ਮਹਿਲਾ ਅਧਿਕਾਰੀ ਗੁਰਨੀਤ ਤੇਜ 2006 ਬੈਚ ਤੋਂ ਅਤੇ ਕੰਵਤ ਪ੍ਰੀਤ ਬਰਾੜ 2007 ਬੈਚ ਤੋਂ ਵੀ ਇਸ ਚੋਣਾਂ ਡਿਉਟੀ ਲਿਸਟ ਵਿਚ ਸ਼ਾਮਲ ਹਨ 2007 ਬੈਚ ਦੇ ਆਈ.ਏ.ਐਸ ਅਧਿਕਾਰੀ ਮਨਜੀਤ ਸਿੰਘ ਬਰਾੜ, ਭੁਪਿੰਦਰ ਸਿੰਘ ਤੇ ਦਵਿੰਦਰ ਪਾਲ ਸਿੰਘ ਖਰਬੰਦਾ ਨੂੰ ਵੀ ਤੈਨਾਤ ਕੀਤਾ ਜਾਣਾ ਹੈ।
ਇਸੇ ਤਰ੍ਹਾਂ 2008 ਬੈਚ ਦੇ 4 ਆਈ.ਏ.ਐਸ ਅਮਿਤ ਕੁਮਾਰ, ਸੰਜੇ ਪੋਪਲੀ, ਅਮਰਪਾਲ ਸਿੰਘ ਤੇ ਮਹਿੰਦਰ ਪਾਲ ਦਾ ਨਾਮ ਵੀ ਚੋਣ ਕਮਿਸ਼ਨ ਪਾਸ ਭੇਜਿਆ ਗਿਆ ਹੈ। ਬਾਕੀ 3 ਆਈ.ਏ.ਐਸ ਗੁਰਿੰਦਰਪਾਲ ਸਿੰਘ ਸਹੋਤਾ, ਤੇਜ ਪ੍ਰਤਾਪ ਫੂਲਕਾ ਤੇ ਅਰਵਿੰਦਰ ਪਾਲ ਸਿੰਘ ਸੰਧੂ 2009 ਦੇ ਬੈਚ ਦੇ ਹਨ ਜਦੋਂ ਕਿ ਲਿਸਟ ਵਿਚ ਆਖਰੀ ਅਧਿਕਾਰੀ ਦਵਿੰਦਰ ਸਿੰਧ 2010 ਬੈਚ ਦਾ ਆਈ.ਏ.ਐਸ ਹੈ।
ਇਨ੍ਹਾਂ 21 ਅਧਿਕਾਰੀਆਂ ਵਿਚ ਵਿਰੇਂਦਰ ਮੀਨਾ ਰਾਜਸਥਾਨ, ਦੀਪਾਰਵਾ ਲਾਕੜਾ ਉੜੀਸਾ ਤੇ ਅਮਿਤ ਕੁਮਾਰ ਬਿਹਾਰ ਦੇ ਰਹਿਣ ਵਾਲੇ ਹਨ। ਬਾਕੀ ਸਭ ਪੰਜਾਬ ਤੇ ਚੰਡੀਗੜ੍ਹ ਦੇ ਰਹਿਣ ਵਾਲੇ ਹਨ ਜਦੋਂ ਕਿ ਆਈ.ਏ.ਐਸ ਦਾ ਕੇਡਰ, ਕੇਵਲ ਗੁਰਨੀਤ ਤੇਜ (ਕਰਨਾਟਕਾ) ਨੂੰ ਛੱਡ ਕੇ ਬਾਕੀ ਸਭ ਪੰਜਾਬ ਦੇ ਹਨ। ਚੋਣਾਂ ਦੌਰਾਨ ਉਬਜ਼ਰਵਰਾਂ ਦੀ ਤੈਨਾਤੀ ਉਸੇ ਸੂਬੇ ਦੇ ਕੇਡਰ ਅਤੇ ਉਸੇ ਸੂਬੇ ਦੀ ਰਿਹਾਇਸ਼ ਵਾਲੇ ਅਧਿਕਾਰੀ ਨੂੰ ਨਹੀਂ ਦਿਤੀ ਜਾਂਦੀ ਹੈ।