ਹਰੀਸ਼ ਰਾਵਤ ਨੇ ਕੀਤੀ ਨਵਜੋਤ ਸਿੱਧੂ ਨਾਲ ਮੁਲਾਕਾਤ, ਸਿਆਸੀ ਹਲਕਿਆਂ 'ਚ ਚਰਚਾ
ਨਵਜੋਤ ਸਿੱਧੂ ਨਹੀਂ ਹਨ ਕਾਂਗਰਸ ਨਾਲ ਨਾਰਾਜ਼ - ਹਰੀਸ਼ ਰਾਵਤ
ਅੰਮ੍ਰਿਤਸਰ - 2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਅਖਾੜਾ ਗਰਮ ਹੁੰਦਾ ਜਾ ਰਿਹਾ ਹੈ ਹਰ ਇਕ ਪਾਰਟੀ ਆਪਣਾ-ਆਪਣਾ ਜ਼ੋਰ ਵਿਖਾ ਰਹੀ ਹੈ। ਅਜਿਹੇ 'ਚ ਕਾਂਗਰਸ ਵੱਲੋਂ ਨਵਜੋਤ ਸਿੱਧੂ ਨੂੰ ਮਨਾਉਣ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ।
ਅਕਾਲੀ-ਭਾਜਪਾ ਦਾ ਗਠਜੋੜ ਟੁੱਟਣ ਤੋਂ ਬਾਅਦ ਨਵਜੋਤ ਸਿੱਧੂ ਨਾਲ ਸੂਬਾ ਕਾਂਗਰਸ ਦੇ ਨਵੇਂ ਨਿਯੁਕਤ ਇੰਚਾਰਜ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਮੁਲਾਕਾਤ ਕੀਤੀ। ਹਰੀਸ਼ ਰਾਵਤ ਨੇ ਦੇਰ ਰਾਤ ਅੰਮ੍ਰਿਤਸਰ ਵਿਖੇ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ‘ਤੇ ਉਨ੍ਹਾਂ ਨਾਲ ਮੁਲਾਕਤ ਕੀਤੀ। ਨਵਜੋਤ ਸਿੱਧੂ ਨੇ ਰਾਵਤ ਨਾਲ ਕੁਝ ਸਮਾਂ ਗੱਲਬਾਤ ਕੀਤੀ ਅਤੇ ਰਾਵਤ ਨੂੰ ਡਿਨਰ ਦਾ ਸੱਦਾ ਦਿੱਤਾ।
ਇਸ ਦੌਰਾਨ ਦੋਵਾਂ ਦਰਮਿਆਨ ਕਰੀਬ ਡੇਢ ਘੰਟਾ ਗੱਲਬਾਤ ਹੋਈ। ਉਹਨਾਂ ਦੀ ਇਸ ਗੱਲਬਾਤ ਦੌਰਾਨ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੀ ਮੌਜੂਦ ਸਨ। ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਸਿੱਧੂ ਜਲਦੀ ਹੀ ਪੰਜਾਬ, ਸਮਾਜ ਅਤੇ ਕਾਂਗਰਸ ਲਈ ਕੰਮ ਕਰਦੇ ਦਿਖਾਈ ਦੇਣਗੇ। ਉਹ ਸਮਝਦਾਰ ਨੇਤਾ ਹਨ ਤੇ ਉਹਨਾਂ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਮਤਭੇਦ ਨਹੀਂ ਹੈ।
ਹਰੀਸ਼ ਰਾਵਤ ਨੇ ਕਿਹਾ ਕਿ ਨਵਜੋਤ ਸਿੱਧੂ ਕਾਂਗਰਸ ਨਾਲ ਨਾਰਾਜ਼ ਨਹੀਂ ਹਨ ਪਰ ਹਾਂ ਜੇ ਉਹ ਨਾਰਾਜ਼ ਹੋਣਗੇ ਵੀ ਤਾਂ ਉਹਨਾਂ ਦੇ ਭਰਾ ਉਹਨਾਂ ਨੂੰ ਗਲੇ ਲਗਾਉਣ ਲਈ ਤਿਆਰ ਹਨ।