ਪੰਜਾਬ ਦਾ ਕੁਲਦੀਪ ਸਿੰਘ ਜੰਮੂ-ਕਸ਼ਮੀਰ 'ਚ ਹੋਇਆ ਸ਼ਹੀਦ

ਏਜੰਸੀ

ਖ਼ਬਰਾਂ, ਪੰਜਾਬ

ਪਾਕਿ ਆਰਮੀ ਦੀਆਂ ਕਈ ਚੌਕੀਆਂ ਕਰ ਦਿੱਤੀਆਂ ਨਸ਼ਟ

kuldeep singh martyred

ਗੜ੍ਹਦੀਵਾਲਾ:ਕੰਟਰੋਲ ਰੇਖਾ 'ਤੇ ਕੁਪਵਾੜਾ ਅਤੇ ਪੁੰਛ ਜ਼ਿਲ੍ਹਿਆਂ ਵਿਚ ਪਾਕਿਸਤਾਨੀ ਗੋਲਾਬਾਰੀ ਵਿਚ ਤਿੰਨ ਸੈਨਿਕ ਸ਼ਹੀਦ ਹੋ ਗਏ ਅਤੇ ਪੰਜ ਹੋਰ ਜ਼ਖਮੀ ਹੋ ਗਏ ਹਨ। ਸੈਨਾ ਨੇ ਇਸ ਗੋਲਾਬਾਰੀ ਦਾ ਢੁਕਵਾਂ ਜਵਾਬ ਵੀ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਫੌਜ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿਚ ਪਾਕਿਸਤਾਨੀ ਫੌਜ ਨੂੰ ਭਾਰੀ ਨੁਕਸਾਨ ਹੋਇਆ ਹੈ। ਫੌਜ ਨੇ ਲੀਪਾ ਘਾਟੀ ਵਿਚ ਅੱਤਵਾਦੀਆਂ ਦੇ ਲਾਂਚ ਪੈਡ ਅਤੇ ਪਾਕਿ ਆਰਮੀ ਦੀਆਂ ਕਈ ਚੌਕੀਆਂ ਨੂੰ ਨਸ਼ਟ ਕਰ ਦਿੱਤਾ ਹੈ।

ਫੌਜ ਦੀ ਇਸ ਕਾਰਵਾਈ ਵਿਚ ਕਈ ਪਾਕਿਸਤਾਨੀ ਸੈਨਿਕ ਦੇ ਜ਼ਖਮੀ ਹੋਣ ਅਤੇ ਕਈ ਅੱਤਵਾਦੀਆਂ ਦੇ  ਮਾਰੇ ਜਾਣ ਦੀਆਂ ਵੀ ਖ਼ਬਰਾਂ ਹਨ। ਹਾਲਾਂਕਿ, ਅਜੇ ਇਸਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਤੋਂ ਪਹਿਲਾਂ, ਪਾਕਿਸਤਾਨ ਨੇ ਉੱਤਰ ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਕੁਪਵਾੜਾ ਦੇ ਨੌਗਾਮ ਸੈਕਟਰ ਵਿੱਚ ਭਾਰਤੀ ਫੌਜ ਦੀਆਂ ਅਗਾਮੀ ਚੌਕੀਆਂ 'ਤੇ ਗੋਲੀਆਂ ਚਲਾਈਆਂ ਸਨ। ਪਾਕਿਸਤਾਨੀ ਫੌਜ ਨੇ ਮੋਰਟਾਰ ਸੁੱਟੇ ਅਤੇ ਛੋਟੇ ਹਥਿਆਰਾਂ ਨਾਲ ਫਾਇਰ ਕੀਤੇ। ਇਹ ਗੋਲਾਬਾਰੀ ਦੁਪਹਿਰ ਤਕਰੀਬਨ ਇੱਕ ਵਜੇ ਤੱਕ ਜਾਰੀ ਰਹੀ।

ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਗੋਲਾਬਾਰੀ ਵਿਚ ਸੈਨਾ ਦੇ ਦੋ ਜਵਾਨ ਸ਼ਹੀਦ ਹੋ ਗਏ, ਜਦਕਿ 4 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸ੍ਰੀਨਗਰ ਦੇ 92 ਬੇਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸ਼ਹੀਦ ਹੋਏ ਜਵਾਨਾਂ ਵਿਚ ਹੌਲਦਾਰ ਕੁਲਦੀਪ ਸਿੰਘ ਅਤੇ 8 ਜੈਕ ਰਾਈਫਲਜ਼ ਦੇ ਰਾਈਫਲ ਮੈਨ ਸ਼ੁਭਮ ਸ਼ਰਮਾ ਸ਼ਾਮਲ ਹਨ।

ਹਾਲਾਂਕਿ, ਫੌਜ ਨੇ ਅਧਿਕਾਰਤ ਤੌਰ 'ਤੇ ਸ਼ਹੀਦ ਫੌਜੀਆਂ ਦੇ ਨਾਵਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਜਦੋਂ ਕਿ ਜ਼ਖਮੀਆਂ ਦੀ ਪਛਾਣ ਅੱਠ ਜੈਕ ਰਾਈਫਲਜ਼ ਦੇ ਨਾਇਬ ਸੂਬੇਦਾਰ ਈਸ਼ਰ ਦਾਸ, ਰਾਈਫਲ ਮੈਨ ਗੌਰੀ ਸਿੰਘ, ਹੌਲਦਾਰ ਦਿਨੇਸ਼ ਅਤੇ 15 ਸਿੱਖ ਲਾਡੀ ਸਿਪਾਹੀ ਸੰਦੀਪ ਸਿੰਘ ਵਜੋਂ ਹੋਈ ਹੈ। ਸ਼ਹੀਦ ਕੁਲਦੀਪ ਸਿੰਘ ਆਪਣੇ ਪਿਛੇ ਮਾਤਾ ਮਨਜੀਤ ਕੌਰ ਪਤਨੀ ਰਾਜਦਵਿੰਦਰ ਕੌਰ,ਬੇਟਾ ਅੰਸ਼ (8)ਅਤੇ ਬੇਟੀ ਸਿਮਰਨ (6) ਛੱਡ ਗਏ ਹਨ।