CM ਵੱਲੋਂ ਸ਼ਹੀਦ ਹਵਲਦਾਰ ਕੁਲਦੀਪ ਸਿੰਘ ਦੇ ਪਰਿਵਾਰ ਦੇ ਮੈਬਰ ਲਈ 50 ਲੱਖ ਰੁਪਏ ਐਕਸ-ਗ੍ਰੇਸ਼ੀਆ ਦਾ ਐਲਾਨ
ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਰਾਜੂ ਦਵਾਖਰੀ ਦੇ ਵਾਸੀ ਸਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਮੂ ਕਸ਼ਮੀਰ ਵਿੱਚ ਕੰਟਰੋਲ ਰੇਖਾ ’ਤੇ ਸਰਹੱਦ ਪਾਰੋਂ ਗੋਲੀਬਾਰੀ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ 15 ਸਿੱਖ ਲਾਈਟ ਇਨਫੈਂਟਰੀ ਦੇ ਹਵਲਦਾਰ ਕੁਲਦੀਪ ਸਿੰਘ ਦੇ ਪਰਿਵਾਰ ਦੇ ਮੈਂਬਰ ਲਈ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਐਕਸ-ਗੇ੍ਰਸ਼ੀਆ ਦਾ ਐਲਾਨ ਕੀਤਾ ਹੈ।
ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਤੇ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਵਲਦਾਰ ਕੁਲਦੀਪ ਸਿੰਘ ਨੇ ਮੁਲਕ ਲਈ ਦੁਸ਼ਮਣ ਨਾਲ ਲੋਹਾ ਲੈਂਦਿਆਂ ਆਪਣੀ ਜਾਨ ਨਿਛਾਵਰ ਕਰ ਦਿੱਤੀ ਅਤੇ ਉਨਾਂ ਦੀ ਮਹਾਨ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਪ੍ਰਰੇਨਾ ਸਰੋਤ ਰਹੇਗੀ।
ਜ਼ਿਕਰਯੋਗ ਹੈ ਕਿ ਸ਼ਹੀਦ ਦੇ ਪਿਤਾ ਆਨਰੇਰੀ ਕੈਪਟਨ ਮੋਹਨ ਸਿੰਘ ਨੇ ਵੀ ਫੌਜ ਵਿੱਚ ਇਸੇ ਯੂਨਿਟ ’ਚ ਸੇਵਾ ਨਿਭਾਈ ਅਤੇ ਇਸ ਵੇਲੇ ਉਸ ਦੇ ਤਿੰਨ ਭਰਾ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਵਿੱਚ ਦੇਸ਼ ਦੀ ਸੇਵਾ ਕਰ ਰਹੇ ਹਨ।
ਸ਼ਹੀਦ ਹਵਲਦਾਰ ਕੁਲਦੀਪ ਸਿੰਘ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਰਾਜੂ ਦਵਾਖਰੀ ਦੇ ਵਾਸੀ ਸਨ ਅਤੇ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਤੋਂ ਇਲਾਵਾ ਅੱਠ ਸਾਲ ਦਾ ਬੇਟਾ ਅਤੇ 10 ਸਾਲਾਂ ਦੀ ਧੀ ਛੱਡ ਗਏ ਹਨ।