ਬਹਿਬਲ ਕਲਾਂ ਗੋਲੀਕਾਂਡ : ਸੰਗਤਾਂ ਉਪਰ ਹੀ ਦਰਜ ਕੀਤੇ ਪਰਚੇ ਪੁਲਿਸ ਲਈ ਬਣੇ ਮੁਸੀਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 6 ਤਕ ਟਲੀ

Behbal Kalan Golikand

ਕੋਟਕਪੂਰਾ (ਗੁਰਿੰਦਰ ਸਿੰਘ) : ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਬਹਿਬਲ ਕਲਾਂ ਗੋਲੀਬਾਰੀ ਕੇਸ 'ਚ ਨਾਮਜ਼ਦ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਅਗਾਉ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੁਣ 6 ਅਕਤੂਬਰ ਨੂੰ ਹੋਵੇਗੀ। ਜਦਕਿ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੇ ਹਾਲੇ ਇਸ ਕੇਸ 'ਚ ਅਗਾਉਂ ਜ਼ਮਾਨਤ ਲਈ ਪਟੀਸ਼ਨ ਦਾਇਰ ਨਹੀਂ ਕੀਤੀ ਹੈ।

ਮੁਲਜ਼ਮ ਉਮਰਾਨੰਗਲ ਦੇ ਵਕੀਲ ਗੁਰਜੀਤ ਸਿੰਘ ਖਡਿਆਲ ਨੇ ਕਿਹਾ ਕਿ ਕੁਝ ਤਕਨੀਕੀ ਖਾਮੀਆਂ ਕਾਰਨ ਅਦਾਲਤ ਤੋਂ ਪਟੀਸ਼ਨ 'ਤੇ ਬਹਿਸ ਲਈ ਅਗਲੀ ਤਰੀਕ ਲਈ ਬੇਨਤੀ ਕੀਤੀ ਗਈ ਸੀ, ਜਿਸ ਨੂੰ ਸੈਸ਼ਨ ਜੱਜ ਸੁਮਿਤ ਮਲਹੋਤਰਾ ਦੀ ਅਦਾਲਤ ਨੇ ਪਟੀਸ਼ਨ 'ਤੇ ਸੁਣਵਾਈ ਲਈ 6 ਅਕਤੂਬਰ ਨੂੰ ਮਨਜ਼ੂਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਕੇਸ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈ।

ਸਾਬਕਾ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਬੇਕਸੂਰ ਹੈ। ਜ਼ਿਕਰਯੋਗ ਹੈ ਕਿ 28 ਸਤੰਬਰ ਨੂੰ ਬਾਜਾਖਾਨਾ ਥਾਣੇ 'ਚ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਅਤੇ ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਐਸਆਈਟੀ ਦੀ ਸਿਫਾਰਿਸ਼ 'ਤੇ 10 ਸਤੰਬਰ 2018 ਵਾਲੇ ਮੁਕੱਦਮੇ 'ਚ ਮੁਲਜਮ ਵਜੋ ਸ਼ਾਮਿਲ ਕੀਤਾ ਗਿਆ ਸੀ। ਥਾਣਾ ਬਾਜਾਖਾਨਾ ਵਿਖੇ ਉਕਤ ਮੁਕੱਦਮਾ ਨੰਬਰ 130 'ਚ ਤਤਕਾਲੀਨ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਪੁਲਿਸ ਨੇ ਐਸਆਈਟੀ ਦੀ ਤਫ਼ਤੀਸ਼ ਮੁਤਾਬਿਕ ਉਸ ਸਮੇਂ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਉਸ ਸਮੇਂ ਦੇ ਪੁਲਿਸ ਕਮਿਸ਼ਨਰ ਲੁਧਿਆਣਾ ਪਰਮਰਾਜ ਸਿੰਘ ਉਮਰਾਨੰਗਲ ਨੂੰ ਉਕਤ ਮੁਕੱਦਮੇ 'ਚ ਇਰਾਦਾ ਕਤਲ, ਹਥਿਆਰਾਂ ਦੀ ਦੁਰਵਰਤੋਂ, ਸਾਜਸ਼ ਰਚਣ ਅਤੇ ਝੂਠੀ ਗਵਾਹੀ ਦੇ ਦੋਸ਼ਾਂ 'ਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ। ਕੋਟਕਪੂਰਾ ਸਿਟੀ ਥਾਣਾ ਅਤੇ ਬਾਜਾਖਾਨਾ ਥਾਣੇ 'ਚ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਨੂੰ ਹੀ ਦੋਸ਼ੀ ਠਹਿਰਾਉਂਦਿਆਂ ਦੋ ਸੰਗੀਨ ਧਾਰਾਵਾਂ ਤਹਿਤ ਵੱਖ ਵੱਖ ਮਾਮਲੇ ਦਰਜ ਕਰ ਦਿਤੇ ਗਏ, ਜੋ ਪੁਲਿਸ ਲਈ ਹੀ ਗਲੇ ਦੀ ਹੱਡੀ ਬਣ ਚੁੱਕੀਆਂ ਹਨ।