ਅਫ਼ਗ਼ਾਨਿਸਤਾਨ 'ਚ ਆਤਮਘਾਤੀ ਬੰਬ ਧਮਾਕੇ 'ਚ 11 ਲੋਕਾਂ ਦੀ ਮੌਤ
ਅਫ਼ਗ਼ਾਨਿਸਤਾਨ 'ਚ ਆਤਮਘਾਤੀ ਬੰਬ ਧਮਾਕੇ 'ਚ 11 ਲੋਕਾਂ ਦੀ ਮੌਤ
ਕਾਬੁਲ, 1 ਅਕਤੂਬਰ : ਦਖਣੀ ਅਫ਼ਗ਼ਾਨਿਸਤਾਨ ਵਿਚ ਇਕ ਫ਼ੌਜੀ ਜਾਂਚ ਚੌਂਕੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਕਾਰ ਬੰਬ ਧਮਾਕੇ ਵਿਚ 4 ਨਾਗਰਿਕਾਂ ਸਣੇ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ। ਹੇਲਮੰਦ ਸੂਬੇ ਦੇ ਗਵਰਨਰ ਦੇ ਬੁਲਾਰੇ ਓਮਰ ਜਵਾਕ ਨੇ ਵੀਰਵਾਰ ਨੂੰ ਦਸਿਆ ਕਿ ਇਹ ਹਮਲਾ ਨਹਿਰੀ ਸਾਰਾਹ ਜ਼ਿਲ੍ਹੇ ਵਿਚ ਬੁੱਧਵਾਰ ਦੇਰ ਰਾਤ ਨੂੰ ਹੋਇਆ, ਜਿਸ ਵਿਚ ਇਕ ਛੋਟਾ ਬੱਚਾ ਅਤੇ ਸੁਰੱਖਿਆ ਬਲ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਜਿਸ ਸਮੇਂ ਹਮਲਾ ਹੋਇਆ ਉਸ ਸਮੇਂ ਕੁਝ ਲੋਕ ਵਾਹਨ ਰਾਹੀਂ ਉੱਥੋਂ ਲੰਘ ਰਹੇ ਸਨ, ਇਨ੍ਹਾਂ ਵਿਚੋਂ ਦੋ ਬੀਬੀਆਂ ਦੀ ਮੌਤ ਹੋ ਗਈ। ਫਿਲਹਾਲ ਕਿਸੇ ਅਤਿਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਇਹ ਹਮਲਾ ਉਸ ਸਮੇਂ ਹੋਇਆ ਹੈ ਜਦ ਤਾਲਿਬਾਨ ਤੇ ਅਫ਼ਗ਼ਾਨਿਸਤਾਨ ਸਰਕਾਰ ਵਲੋਂ ਨਿਯੁਕਤ ਵਾਰਤਾਕਾਰਾਂ ਵਿਚਕਾਰ ਕਤਰ ਵਿਚ ਇਤਿਹਾਸਕ ਸ਼ਾਂਤੀ ਵਾਰਤਾ ਚੱਲ ਰਹੀ ਹੈ। ਇਸ ਦਾ ਮਕਸਦ ਸੰਘਰਸ਼ ਨੂੰ ਖ਼ਤਮ ਕਰਨਾ ਤੇ ਦੇਸ਼ ਵਿਚ ਸ਼ਾਂਤੀ ਤੇ ਸਥਿਰਤਾ ਬਣਾਉਣ ਲਈ ਤਿਆਰੀ ਕਰਨਾ ਹੈ। (ਪੀਟੀਆਈ)