Deputy CM ਦੇ ਆਦੇਸ਼ ’ਤੇ ਪੰਜਾਬ ਪੁਲਿਸ ਬੱਸ ਅੱਡਿਆਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਏਗੀ

ਏਜੰਸੀ

ਖ਼ਬਰਾਂ, ਪੰਜਾਬ

ਬੱਸ ਅੱਡਿਆਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਟਰਾਂਸਪੋਰਟ ਵਿਭਾਗ ਨੂੰ ਲੋੜੀਂਦੀ ਪੁਲੀਸ ਫੋਰਸ ਮੁਹੱਈਆ ਕਰਵਾਉਣ ਲਈ DGP ਨੇ ਪੁਲੀਸ ਕਮਿਸ਼ਨਰਾਂ/SSP ਨੂੰ ਕੀਤੀ ਹਦਾਇਤ

orders of Deputy CM, Punjab Police will free the bus stands from illegal occupation

 

 

ਚੰਡੀਗੜ -  ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਨਿਰਦੇਸ਼ਾਂ ਤੋਂ ਬਾਅਦ, ਕਾਰਜਕਾਰੀ ਡੀ.ਜੀ.ਪੀ. ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਅੱਜ
 ਸਾਰੇ ਪੁਲਿਸ ਕਮਿਸ਼ਨਰਾਂ/ਐਸ.ਐਸ.ਪੀਜ਼ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਬੱਸ ਅੱਡਿਆਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਮੱਦੇਨਜ਼ਰ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰਾਂ ਨੂੰ ਲੋੜੀਂਦੀ ਪੁਲਿਸ ਫੋਰਸ ਮੁਹੱਈਆ ਕਰਵਾਈ ਜਾਵੇ।

ਇਹ ਕਾਰਵਾਈ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ ਭਰ ਦੇ ਸਾਰੇ ਬੱਸ ਅੱਡਿਆਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਏ ਜਾਣ ਨੂੰ ਯਕੀਨੀ ਬਣਾਉਣ ਦੇ ਆਦੇਸ਼ਾਂ ਦੇ ਤਿੰਨ ਦਿਨਾਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।

ਪੰਜਾਬ ਪੁਲਿਸ ਵੱਲੋਂ ਕੀਤੇ ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਜਦੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਸਬੰਧਤ ਅਥਾਰਟੀਆਂ ਵਲੋਂ ਪੁਲਿਸ ਸਹਾਇਤਾ ਮੁਹੱਈਆ ਕਰਵਾਉਣ ਲਈ ਕੋਈ ਕਾਨੂੰਨੀ ਮੰਗ ਪ੍ਰਾਪਤ ਹੁੰਦੀ ਹੈ ਤਾਂ ਟਰਾਂਸਪੋਰਟ ਵਿਭਾਗ ਦੇ ਜਨਰਲ ਮੈਨੇਜਰਾਂ ਨੂੰ ਇੱਕ ਗਜਟਿਡ ਅਫਸਰ ਦੀ ਕਮਾਂਡ ਹੇਠ ਪੁਲਿਸ ਫੋਰਸ ਮੁਹੱਈਆ ਕਰਵਾਈ ਜਾਵੇ। ਹੁਕਮਾਂ ਅਨੁਸਾਰ ਟਰਾਂਸਪੋਰਟ ਵਿਭਾਗ (ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ) ਦੇ ਜਨਰਲ ਮੈਨੇਜਰ ਨੋਡਲ ਅਫਸਰ ਹੋਣਗੇ, ਜੋ ਸਬੰਧਤ ਪੁਲਿਸ ਕਮਿਸ਼ਨਰ/ਐਸਐਸਪੀ ਨਾਲ ਸੰਪਰਕ ਕਰਨਗੇ। ਇਸ ਦੌਰਾਨ ਰੇਂਜ ਆਈ.ਜੀ./ਡੀ.ਆਈ.ਜੀ. ਸੂਬਾ ਸਰਕਾਰ ਦੇ ਇਨ੍ਹਾਂ ਮਹੱਤਵਪੂਰਨ ਹੁਕਮਾਂ ਦੀ ਨਿਗਰਾਨੀ ਕਰਨ ਲਈ ਵੀ ਕਿਹਾ ਗਿਆ ਹੈ।