ਅਦਾਲਤ 'ਚ ਪੇਸ਼ ਨਾ ਹੋਣ ਕਾਰਨ ਆਪ ਵਿਧਾਇਕਾ ਬਲਜਿੰਦਰ ਕੌਰ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਏਜੰਸੀ

ਖ਼ਬਰਾਂ, ਪੰਜਾਬ

ਅਦਾਲਤ 'ਚ ਪੇਸ਼ ਨਾ ਹੋਣ ਕਾਰਨ ਆਪ ਵਿਧਾਇਕਾ ਬਲਜਿੰਦਰ ਕੌਰ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

image

ਭਗਵੰਤ ਮਾਨ ਨੇ ਪੇਸ਼ੀ ਤੋਂ ਮੰਗੀ ਛੋਟ

ਚੰਡੀਗੜ੍ਹ, 1 ਅਕਤੂਬਰ (ਸੁਰਜੀਤ ਸਿੰਘ ਸੱਤੀ): ਮੁੱਖ ਮੰਤਰੀ ਭਗਵੰਤ ਮਾਨ ਤੇ ਮੰਤਰੀਆਂ ਅਮਨ ਅਰੋੜਾ, ਹਰਪਾਲ ਚੀਮਾ, ਮੀਤ ਹੇਅਰ ਤੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਸਾਲ 2020 'ਚ ਪੰਜਾਬ ਵਿਚ ਬਿਜਲੀ ਦਰਾਂ 'ਚ ਵਾਧੇ ਨੂੰ  ਲੈ ਕੇ ਹੋਏ ਪ੍ਰਦਰਸ਼ਨ ਦੌਰਾਨ ਪੁਲਿਸ ਨਾਲ ਕੁੱਟਮਾਰ ਦੇ ਮਾਮਲੇ 'ਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਪੇਸ਼ੀ ਤੋਂ ਛੋਟ ਮੰਗ ਲਈ ਹੈ | ਉਨ੍ਹਾਂ ਅਪਣੇ ਵਕੀਲ ਰਾਘਵ ਗੁਲਾਟੀ ਰਾਹੀਂ ਸੀਜੇਐਮ ਦੀ ਅਦਾਲਤ ਵਿਚ ਅਰਜ਼ੀ ਦੇ ਕੇ ਕਿਹਾ ਕਿ 30 ਸਤੰਬਰ ਨੂੰ  ਉਹ ਵਿਧਾਨ ਸਭਾ ਇਜਲਾਸ ਕਾਰਨ ਪੇਸ਼ ਨਹੀਂ ਹੋ ਸਕਦੇ | ਅਦਾਲਤ ਨੇ ਉਨ੍ਹਾਂ ਨੂੰ  ਪੇਸ਼ੀ ਤੋਂ ਛੋਟ ਦੇ ਦਿਤੀ ਪਰ ਹੁਕਮ ਮੁਤਾਬਕ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਵਿਰੁਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ | ਉਨ੍ਹਾਂ ਨੂੰ  ਕਈ ਵਾਰ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਵਿਧਾਇਕ ਵਿਰੁਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ | ਪੁਲਿਸ ਨਾਲ ਹੱਥੋਪਾਈ ਦੀ ਇਹ ਘਟਨਾ ਸਾਬਕਾ ਕਾਂਗਰਸ ਸਰਕਾਰ ਵੇਲੇ ਸਾਲ 2020 ਵਿਚ ਵਾਪਰੀ ਸੀ | ਉਸ ਸਮੇਂ ਪੰਜਾਬ ਦੀ ਤਤਕਾਲੀ ਕਾਂਗਰਸ ਸਰਕਾਰ ਨੇ ਬਿਜਲੀ ਦਰਾਂ ਵਿਚ ਵਾਧਾ ਕੀਤਾ ਸੀ | ਇਸ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਪ੍ਰਦਰਸ਼ਨ ਕਰਦੇ ਹੋਏ ਚੰਡੀਗੜ੍ਹ 'ਚ ਮੁੱਖ ਮੰਤਰੀ ਹਾਊਸ ਦਾ ਘਿਰਾਉ ਕਰਨ ਦੀ ਕੋਸ਼ਿਸ਼ ਕੀਤੀ | ਇਸ ਧਰਨੇ ਦੌਰਾਨ ਪੁਲਿਸ ਨਾਲ 'ਆਪ' ਆਗੂਆਂ ਤੇ ਵਰਕਰਾਂ ਦੀ ਝੜਪ ਵੀ ਹੋਈ ਤੇ ਇਸ ਝੜਪ ਵਿਚ ਕਈ ਪੁਲਿਸ ਮੁਲਾਜ਼ਮ ਤੇ 'ਆਪ' ਵਰਕਰ ਜ਼ਖ਼ਮੀ ਵੀ ਹੋਏ | ਚੰਡੀਗੜ੍ਹ ਪੁਲਿਸ ਨੇ ਭਗਵੰਤ ਮਾਨ, ਚੀਮਾ ਅਤੇ ਕਈ ਤਤਕਾਲੀ ਵਿਧਾਇਕਾਂ ਤੇ ਮੌਜੂਦਾ ਮੰਤਰੀਆਂ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ |
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਵਿਚ ਪੇਸ਼ ਹੋਏ ਸਨ | ਭਗਵੰਤ ਮਾਨ 10 ਵਜੇ ਹੀ ਜ਼ਿਲ੍ਹਾ ਕਚਹਿਰੀ ਵਿਚ ਪੁੱਜੇ ਸਨ | ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਅਤੇ ਸਾਬਕਾ ਵਿਸ਼ੇਸ਼ ਸਰਕਾਰੀ ਵਕੀਲ ਪ੍ਰਥਮ ਸੇਠੀ ਵੀ ਅਦਾਲਤ ਵਿਚ ਮੁੱਖ ਮੰਤਰੀ ਨਾਲ ਸਨ | ਅਦਾਲਤ ਨੇ ਮਾਮਲੇ ਵਿਚ ਰਾਹਤ ਦਿੰਦੇ ਹੋਏ ਉਸ ਨੂੰ  ਜ਼ਮਾਨਤ ਦੇ ਦਿਤੀ ਹੈ | ਅਦਾਲਤੀ ਕਾਰਵਾਈ ਤੋਂ ਬਾਅਦ ਭਗਵੰਤ ਮਾਨ ਨੂੰ  ਮਾਮਲੇ ਨਾਲ ਸਬੰਧਤ ਚਾਰਜਸੀਟ ਦੀ ਕਾਪੀ ਸੌਂਪੀ ਗਈ ਜਿਸ ਤੋਂ ਬਾਅਦ ਸੀਐਮ ਉਥੋਂ ਚਲੇ ਗਏ | ਇਸ ਮਾਮਲੇ ਵਿਚ 'ਆਪ' ਦੇ ਕਈ ਉਸ ਸਮੇਂ ਦੇ ਵਿਧਾਇਕ, ਜੋ ਇਸ ਵੇਲੇ ਮੰਤਰੀ ਹਨ, ਮੁਲਜ਼ਮ ਹਨ ਤੇ ਮਾਨ ਸਮੇਤ ਇਨ੍ਹਾਂ ਨੂੰ  ਹਰ ਪੇਸ਼ੀ ਤੇ ਪੇਸ਼ ਹੋਣਾ ਪੈਂਦਾ ਹੈ |