ਪੰਜਾਬ ਪੁਲਿਸ ਦੀਆਂ 1191 ਅਸਾਮੀਆਂ ਲਈ ਹੋਵੇਗੀ ਭਰਤੀ, ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ
14 ਤੋਂ 16 ਅਕਤੂਬਰ ਤੱਕ ਲਏ ਜਾਣਗੇ 2 ਪੇਪਰ; OMR ਆਧਾਰਿਤ ਹੋਵੇਗੀ ਪ੍ਰੀਖਿਆ
ਮੁਹਾਲੀ : ਪੰਜਾਬ ਪੁਲਿਸ ਵਿੱਚ ਭਰਤੀ ਲਈ ਅਪਲਾਈ ਕਰਨ ਵਾਲੇ ਨੌਜਵਾਨਾਂ ਲਈ ਖੁਸ਼ਖਬਰੀ ਹੈ। 1191 ਖਾਲੀ ਅਸਾਮੀਆਂ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪ੍ਰੀਖਿਆਵਾਂ 14 ਤੋਂ 16 ਅਕਤੂਬਰ ਤੱਕ ਹੋਣਗੀਆਂ। ਜਲਦੀ ਹੀ ਐਡਮਿਟ ਕਾਰਡ ਵੈੱਬਸਾਈਟ 'ਤੇ ਅਪਲੋਡ ਕਰ ਦਿਤੇ ਜਾਣਗੇ।
ਕਾਂਸਟੇਬਲ ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਕਾਡਰ ਦੀ ਪ੍ਰੀਖਿਆ 14 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ। 15 ਅਕਤੂਬਰ ਨੂੰ ਇਨਵੈਸਟੀਗੇਸ਼ਨ ਕੇਡਰ ਦੀ ਹੈੱਡ ਕਾਂਸਟੇਬਲ ਭਰਤੀ ਦਾ ਪਹਿਲਾ ਪੇਪਰ ਸਵੇਰੇ 9 ਤੋਂ 11 ਵਜੇ ਤੱਕ ਹੋਵੇਗਾ। ਦੂਜਾ ਪੇਪਰ ਦੁਪਹਿਰ 3 ਤੋਂ 5 ਵਜੇ ਤੱਕ ਹੋਵੇਗਾ। ਜ਼ਿਲ੍ਹਾ ਪੁਲਿਸ ਦੀ ਪ੍ਰੀਖਿਆ 16 ਅਕਤੂਬਰ ਨੂੰ ਹੋਵੇਗੀ। ਇਸ ਪੋਸਟ ਲਈ ਵੀ 2 ਪੇਪਰ ਹੋਣਗੇ। ਪਹਿਲਾ ਸਵੇਰੇ 9 ਵਜੇ ਅਤੇ ਦੂਜਾ ਦੁਪਹਿਰ 3 ਵਜੇ ਸ਼ੁਰੂ ਹੋਵੇਗਾ।
OMR ਆਧਾਰਿਤ ਪ੍ਰੀਖਿਆ ਹੋਵੇਗੀ
ਭਰਤੀ ਪ੍ਰੀਖਿਆ ਇਮਤਿਹਾਨ ਦੇ ਪੇਪਰਾਂ ਦੇ ਲੀਕ ਹੋਣ ਅਤੇ ਹੋਰ ਸੁਰੱਖਿਆ ਚਿੰਤਾਵਾਂ ਤੋਂ ਬਚਣ ਲਈ ਆਪਟੀਕਲ ਮਾਰਕ ਰੀਕੋਗਨੀਸ਼ਨ (OMR) ਆਧਾਰਿਤ ਹੋਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਪੁਲੀਸ ਨੇ ਸਾਲ 2011 ਵਿੱਚ ਡਾਇਰੈਕਟ ਸਬ-ਇੰਸਪੈਕਟਰ ਦੀ ਭਰਤੀ ਕੀਤੀ ਸੀ ਪਰ ਕਿਸੇ ਕਾਰਨ ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੋਣ ਕਾਰਨ ਇਨ੍ਹਾਂ ਉਮੀਦਵਾਰਾਂ ਦੀ ਚੋਣ ਸਾਲ 2013 ਵਿੱਚ ਹੋਈ ਸੀ ਅਤੇ ਉਨ੍ਹਾਂ ਦੀ ਜੁਆਇਨਿੰਗ ਸਾਲ 2014 ਵਿੱਚ ਹੋ ਸਕੀ ਸੀ। ਇਸ ਤੋਂ ਬਾਅਦ ਸਾਲ 2015 ਵਿੱਚ 110 ਦੇ ਕਰੀਬ ਮਹਿਲਾ ਸਿਪਾਹੀਆਂ ਦੀ ਭਰਤੀ ਕੀਤੀ ਗਈ ਸੀ।ਸਾਲ 2016 ਵਿੱਚ ਵੀ ਮਹਿਲਾ ਸਿਪਾਹੀਆਂ ਦੀਆਂ 235 ਦੇ ਕਰੀਬ ਅਸਾਮੀਆਂ ਤੇ 210 ਦੇ ਕਰੀਬ ਪੁਰਸ਼ਾਂ ਦੀ ਭਰਤੀ ਕੀਤੀ ਗਈ ਸੀ।
ਪੰਜਾਬ 'ਚ 'ਆਪ' ਦੀ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਸਾਲ 'ਚ ਨੌਜਵਾਨਾਂ ਨੂੰ ਨੌਕਰੀਆਂ ਦਾ ਮੌਕਾ ਮਿਲ ਰਿਹਾ ਹੈ। ਵੱਖ-ਵੱਖ ਕਾਡਰਾਂ ਵਿੱਚ ਪੁਲਿਸ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ, ਤਾਂ ਜੋ ਪੰਜਾਬ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਚੁਸਤ-ਦਰੁਸਤ ਰੱਖਿਆ ਜਾ ਸਕੇ ਅਤੇ ਹਰੇਕ ਨਾਗਰਿਕ ਨੂੰ ਚਿੰਤਾ ਮੁਕਤ ਰੱਖਿਆ ਜਾ ਸਕੇ।