ਪੰਜਾਬ ਰੋਡਵੇਜ਼, ਪੀਆਰਟੀਸੀ ਤੇ ਪਨਬਸ ਦੇ ਮੁਲਾਜ਼ਮਾਂ ਨੇ ਸ਼ੁਰੂ ਕੀਤਾ ਅੰਦੋਲਨ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਰੋਡਵੇਜ਼, ਪੀਆਰਟੀਸੀ ਤੇ ਪਨਬਸ ਦੇ ਮੁਲਾਜ਼ਮਾਂ ਨੇ ਸ਼ੁਰੂ ਕੀਤਾ ਅੰਦੋਲਨ

image


ਪਟਰੌਲ ਦੀਆਂ ਬੋਤਲਾਂ ਲੈ ਕੇ ਬਸਾਂ 'ਤੇ ਚੜ੍ਹੇ ਮੁਲਾਜ਼ਮ


ਚੰਡੀਗੜ੍ਹ, 1 ਅਕਤੂਬਰ (ਝਾਂਮਪੁਰ, ਸੋਈ): ਰੋਡਵੇਜ਼ ਦੇ ਕੱਚੇ ਕਾਮਿਆਂ ਨੇ ਅੱਜ ਸਵੇਰੇ ਖਰੜ ਨੈਸ਼ਨਲ ਹਾਈਵੇਅ ਜਾਮ ਕਰ ਦਿਤਾ ਜਿਸ ਕਾਰਨ ਦੋਵਾਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਆਮ ਲੋਕਾਂ ਨੂੰ  ਬੁਰੀ ਤਰ੍ਹਾਂ ਖੱਜਲ ਹੋਣਾ ਪਿਆ |
ਪ੍ਰਾਪਤ ਜਾਣਕਾਰੀ ਅਨੁਸਾਰ ਆਊਟਸੋਰਸ ਭਰਤੀ ਮਾਮਲੇ ਵਿਚ ਅੱਜ ਪੰਜਾਬ ਰੋਡਵੇਜ਼, ਪਨਬਸ, ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਸਖ਼ਤ ਵਿਰੋਧ ਕਰਦਿਆਂ ਖਰੜ ਲੁਧਿਆਣਾ ਹਾਈਵੇ 'ਤੇ ਜਾਮ ਲਗਾ ਦਿਤਾ ਗਿਆ | ਕਰਮਚਾਰੀਆਂ ਵਲੋਂ ਸੜਕ ਦੇ ਵਿਚਕਾਰ ਬਸਾਂ ਖੜੀਆਂ ਕਰ ਕੇ ਸੜਕ ਜਾਮ ਕਰ ਦਿਤੀ ਗਈ ਅਤੇ ਕੁੱਝ ਕਰਮਚਾਰੀ ਬਸਾਂ 'ਤੇ ਚੜ੍ਹ ਗਏ ਅਤੇ ਅਪਣੇ ਆਪ ਤੇ ਪਟਰੌਲ ਪਾ ਕੇ ਅੱਗ ਲਾਉਣ ਦੀ ਧਮਕੀ ਦਿਤੀ | ਇਸ ਦੌਰਾਨ ਕੁੱਝ ਕਰਮਚਾਰੀ ਪਾਣੀ ਵਾਲੀ ਟੈਂਕੀ ਤੇ ਵੀ ਚੜ੍ਹ ਗਏ | ਇਸ ਮੌਕੇ ਧਰਨਾਕਾਰੀਆਂ ਵਲੋਂ ਪੰਜਾਬ ਸਰਕਾਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ ਅਤੇ ਮੁਲਾਜ਼ਮਾਂ ਦੀ ਬਹਾਲੀ ਦੇ ਨਾਲ-ਨਾਲ ਆਊਟਸੋਰਸਿੰਗ ਭਰਤੀ ਬੰਦ ਕਰਨ ਦੀ ਮੰਗ ਕੀਤੀ ਗਈ | ਇਸ ਦੌਰਾਨ ਸਬੰਧਤ ਵਿਭਾਗੀ ਅਧਿਕਾਰੀਆਂ ਅਤੇ ਪੁਲਿਸ ਵਲੋਂ ਠੇਕਾ ਮੁਲਾਜ਼ਮਾਂ ਨੂੰ  ਮਨਾਉਣ ਦੇ ਯਤਨ ਕੀਤੇ ਗਏ ਪਰ ਵਰਕਰਾਂ ਬਸਾਂ ਤੋਂ ਨਾ ਉਤਰੇ ਅਤੇ ਉਨ੍ਹਾਂ ਵਲੋਂ ਪੰਜਾਬ ਸਰਕਾਰ ਵਿਰੁਧ ਜ਼ਬਰਦਸਤ ਨਾਹਰੇਬਾਜ਼ੀ ਕੀਤੀ ਗਈ | ਇਸ ਉਪਰੰਤ ਪ੍ਰਸ਼ਾਸਨ ਦੇ ਕੁੱਝ ਅਧਿਕਾਰੀਆਂ ਵਲੋਂ ਵਰਕਰਾਂ ਨੂੰ  ਸਮਝਾਇਆ ਗਿਆ ਅਤੇ ਵਰਕਰਾਂ ਦੀ ਟ੍ਰਾਂਸਪਰੋਟ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ ਕਿਹਾ | ਬਾਅਦ ਵਿਚ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ 11 ਅਕਤੂਬਰ ਨੂੰ  ਮੀਟਿੰਗ ਤੈਅ ਹੋਣ ਤੋਂ ਬਾਅਦ ਕਰਮਚਾਰੀਆਂ ਨੇ ਜਾਮ ਸਮਾਪਤ ਕਰ ਦਿਤਾ ਅਤੇ ਪ੍ਰਸ਼ਾਸਨ ਨੇ ਸੁਖ ਦਾ ਸਾਹ ਲਿਆ |
ਐਸਏਐਸ-ਨਰਿੰਦਰ-1-1ਬੀ