ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਲਈ ਮਿਲਣਗੀਆਂ ਬੱਸਾਂ, ਮੁੱਖ ਮੰਤਰੀ ਨੇ ਕਰ ਦਿੱਤਾ ਐਲਾਨ
4-5 ਮੁੰਡੇ ਮਿਲ ਕੇ ਇਕ ਬੱਸ ਲੈ ਸਕਣਗੇ ਅਤੇ ਅਪਣਾ ਰੁਜ਼ਗਾਰ ਸ਼ੁਰੂ ਕਰ ਸਕਣਗੇ ਅਤੇ ਇਸ ਲਈ ਕੋਈ ਵਿਆਜ ਵੀ ਨਹੀਂ ਮੰਗਿਆ ਜਾਵੇਗਾ।
ਪਟਿਆਲਾ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਦੇ ਨੌਜਵਾਨਾਂ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਸ਼ਾਨਦਾਰ ਬੱਸਾਂ ਆਫ਼ਰ ਦੇ ਰਹੇ ਹਨ। ਨੌਜਵਾਨਾਂ ਨੂੰ 2000-3000 ਬੱਸਾਂ ਸਪਾਂਸਰ ਕੀਤੀਆਂ ਜਾਣਗੀਆਂ। 4-5 ਮੁੰਡੇ ਮਿਲ ਕੇ ਇਕ ਬੱਸ ਲੈ ਸਕਣਗੇ ਅਤੇ ਅਪਣਾ ਰੁਜ਼ਗਾਰ ਸ਼ੁਰੂ ਕਰ ਸਕਣਗੇ ਅਤੇ ਇਸ ਲਈ ਕੋਈ ਵਿਆਜ ਵੀ ਨਹੀਂ ਮੰਗਿਆ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਨੌਜਵਾਨਾਂ ਦਾ ਇਹ ਕੰਮ ਸੋਹਣਾ ਚੱਲ ਪਿਆ ਤਾਂ ਉਹ ਇਹਨਾਂ ਬੱਸਾਂ ਦੇ ਪੈਸੇ ਵਾਪਸ ਕਰ ਦੇਣ ਅਤੇ ਬੱਸਾਂ ਆਪਣੇ ਨਾਂ ਕਰਵਾ ਲੈਣ। ਉਹਨਾਂ ਨੇ ਕਿਹਾ ਕਿ ਹੁਣ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਮੌਕਾ ਹੈ ਪਹਿਲਾਂ ਵਾਲਾ ਔਖਾ ਸਮਾਂ ਲੰਘ ਗਿਆ ਹੈ। ਅਸੀਂ ਪਿਛਲੇ ਡੇਢ ਸਾਲ ਦੌਰਾਨ 37 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦੇ ਚੁੱਕੇ ਹਾਂ।
ਉਹਨਾਂ ਨੇ ਕਿਹਾ ਕਿ ਪਿੰਡਾਂ ਤੋਂ ਸ਼ਹਿਰਾਂ ਅਤੇ ਸ਼ਹਿਰਾਂ ਤੋਂ ਪਿੰਡਾਂ ਲਈ ਵੀ ਬੱਸਾਂ ਚਲਾਈਆਂ ਜਾਣਗੀਆਂ। ਇਨ੍ਹਾਂ ਬੱਸਾਂ ਵਿਚ 30-35 ਸੀਟਾਂ ਹੋਣਗੀਆਂ। ਪੰਜਾਬ ਵਿਚ 12 ਹਜ਼ਾਰ ਪਿੰਡ ਹਨ ਅਤੇ ਹਰ ਪਿੰਡ ਵਿਚ ਬੱਸਾਂ ਮੁਹੱਈਆ ਕਰਵਾਈਆਂ ਜਾਣਗੀਆਂ ਜਿਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਇਹ ਬੱਸਾਂ ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਚੱਲਣਗੀਆਂ। ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਣਗੀਆਂ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।
ਸੀ.ਐਮ. ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਬੱਸਾਂ ਦਿੱਤੀਆਂ ਜਾਣਗੀਆਂ ਤਾਂ ਜੋ ਉਨ੍ਹਾਂ ਨੂੰ ਕੰਮ ਮਿਲ ਸਕੇ। ਹਰ ਬੱਸ ਵਿਚ ਡਰਾਈਵਰ-ਕੰਡਕਟਰ ਹੋਣ ਨਾਲ ਨੌਜਵਾਨਾਂ ਨੂੰ ਕੰਮ ਮਿਲੇਗਾ। ਇਸ ਦੌਰਾਨ ਸੀ.ਐਮ. ਮਾਨ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਕੋਲ ਇਸ ਪੈਸੇ ਦਾ ਪੂਰਾ ਹਿਸਾਬ ਹੈ ਕਿ ਇਸ ਨੇ ਕਿੰਨਾ ਕਰਜ਼ਾ ਲਿਆ ਅਤੇ ਕਿੱਥੇ ਖਰਚ ਕੀਤਾ। ਪੈਸਾ ਖਾਣਾ ਸਾਡਾ ਸੁਭਾਅ ਨਹੀਂ ਹੈ। ਉਨ੍ਹਾਂ ਕਿਹਾ ਕਿ ਭਲਕੇ ਉਹ ਪੰਜਾਬ ਦੇ ਰਾਜਪਾਲ ਨੂੰ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਹਿਸਾਬ ਦੇਣਗੇ।