Punjab News : ਬੀਬੀ ਜਗੀਰ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਦਿੱਤਾ ਸਪਸ਼ਟੀਕਰਨ

ਏਜੰਸੀ

ਖ਼ਬਰਾਂ, ਪੰਜਾਬ

ਬੀਬੀ ਜਗੀਰ ਕੌਰ ਨੇ ਬੇਟੀ ਦੇ ਕਤਲ ਅਤੇ ਰੋਮਾਂ ਦੀ ਬੇਅਦਬੀ 'ਤੇ ਦਿੱਤਾ ਸਪੱਸ਼ਟੀਕਰਨ

Bibi Jagir Kaur

 

Punjab News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਏ ਹਨ। ਬੀਬੀ ਜਗੀਰ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਬੇਟੀ ਦੇ ਕਤਲ ਅਤੇ ਰੋਮਾਂ ਦੀ ਬੇਅਦਬੀ 'ਤੇ ਸਪੱਸ਼ਟੀਕਰਨ ਦਿੱਤਾ ਹੈ। 

ਬੀਬੀ ਜਗੀਰ ਕੌਰ ਨੇ ਕਿਹਾ ਕਿ ਮੇਰੇ ਖਿਲਾਫ਼ ਝੂਠੀ ਸ਼ਿਕਾਇਤ ਕੀਤੀ ਗਈ ਹੈ। ਅਸੀਂ ਹਮੇਸ਼ਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ। ਉਨ੍ਹਾਂ ਕਿਹਾ ਕਿ ਅੱਜ ਮੇਰੇ ਜ਼ਖਮ ਅੱਲ੍ਹੇ ਕੀਤੇ ਗਏ ਅਤੇ ਅਫ਼ਸੋਸ ਹੈ ਕਿ ਮਹਾਨ ਤਖ਼ਤ ਦੀ ਮਰਿਆਦਾ ਨੂੰ ਢਾਹ ਲੱਗੀ ਹੈ। ਮੈਨੂੰ ਅਫ਼ਸੋਸ ਹੈ ਕਿ ਮਹਾਨ ਤਖ਼ਤ ਤੇ ਅਜਿਹੇ ਮਸਲੇ ਆਉਣ ਲੱਗੇ ਹਨ। 

ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਵੱਖ ਵੱਖ ਜਥੇਬੰਦੀਆਂ ਤੇ ਹੋਰ ਸਿੱਖ ਸੰਗਤਾਂ ਵੱਲੋਂ ਬੀਬੀ ਜਗੀਰ ਕੌਰ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ 'ਤੇ ਮੰਗ ਪੱਤਰ ਦਿੱਤੇ ਗਏ ਸਨ। ਜਿਨਾਂ ਵਿੱਚ ਉਹਨਾਂ ਉੱਤੇ ਕਈ ਤਰ੍ਹਾਂ ਦੇ ਆਰੋਪ ਲਗਾਏ ਗਏ ਸਨ। 

ਜਥੇਬੰਦੀਆਂ ਵੱਲੋਂ ਬੀਬੀ ਜਗੀਰ ਕੌਰ ਉੱਤੇ ਰੋਮਾਂ ਦੀ ਬੇਅਦਬੀ ਅਤੇ ਆਪਣੀ ਬੇਟੀ ਨੂੰ ਮਾਰਨ ਦੇ ਗੰਭੀਰ ਦੋਸ਼ ਲਗਾਏ ਗਏ ਸਨ। ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਇਸ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ।

ਜਿਸ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਚਿੱਠੀ ਭੇਜੀ ਗਈ ਸੀ। ਜਿਸ ਵਿੱਚ ਉਹਨਾਂ ਨੂੰ ਆਪਣਾ ਸਪੱਸ਼ਟੀਕਰਨ ਦੇਣ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਸੀ।