ਪੰਜਾਬ ‘ਚ ਸੀ.ਆਰ.ਐਮ. ਮਸ਼ੀਨਾਂ ਹੁਣ ਇੱਕ ਕਲਿੱਕ ‘ਤੇ ਉਪਲੱਬਧ; "ਉੱਨਤ ਕਿਸਾਨ" ਐਪ ਉਤੇ 85 ਹਜ਼ਾਰ ਤੋਂ ਵੱਧ ਮਸ਼ੀਨਾਂ ਦੀ ਕੀਤੀ ਗਈ ਮੈਪਿੰਗ
ਕਿਸਾਨ ਘਰ ਬੈਠੇ ਮੋਬਾਈਲ ਫੋਨ ਰਾਹੀਂ ਆਸਾਨੀ ਨਾਲ ਬੁੱਕ ਕਰ ਸਕਦੇ ਹਨ ਸੀ.ਆਰ.ਐਮ. ਮਸ਼ੀਨਾਂ: ਗੁਰਮੀਤ ਸਿੰਘ ਖੁੱਡੀਆਂ
ਚੰਡੀਗੜ੍ਹ: ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ "ਉੱਨਤ ਕਿਸਾਨ" ਮੋਬਾਈਲ ਐਪ ਉਤੇ 85000 ਤੋਂ ਵੱਧ ਇਨ-ਸੀਟੂ ਅਤੇ ਐਕਸ-ਸੀਟੂ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਮਸ਼ੀਨਾਂ ਦੀ ਮੈਪਿੰਗ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਹ ਮੋਬਾਇਲ ਐਪ ਇੱਕ ਵਨ-ਸਟਾਪ ਪਲੇਟਫਾਰਮ ਹੈ ਜੋ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਅਤੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਛੋਟੇ ਅਤੇ ਸੀਮਾਂਤ ਕਿਸਾਨਾਂ ਤੱਕ ਇਹਨਾਂ ਅਤਿ-ਆਧੁਨਿਕ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਦੀ ਪਹੁੰਚ ਨੂੰ ਹੋਰ ਆਸਾਨ ਬਣਾਉਣ ਲਈ ਤਿਆਰ ਕੀਤੀ ਗਈ ਹੈ।
ਇਸ ਪ੍ਰਮੁੱਖ ਡਿਜੀਟਲ ਪਹਿਲਕਦਮੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ. ਖੁੱਡੀਆਂ ਨੇ ਦੱਸਿਆ ਕਿ ਇਹ ਪਹਿਲਕਦਮੀ ਕਿਸਾਨਾਂ ਨੂੰ ਆਪਣੇ ਘਰ ਬੈਠੇ ਹੀ ਆਪਣੇ ਮੋਬਾਈਲ ਫੋਨਾਂ ਰਾਹੀਂ ਸੀ.ਆਰ.ਐਮ. ਮਸ਼ੀਨਾਂ ਨੂੰ ਆਸਾਨੀ ਨਾਲ ਬੁੱਕ ਕਰਨ ਦੀ ਸਹੂਲਤ ਦਿੰਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਮਸ਼ੀਨ ਨੂੰ ਕਾਸ਼ਤਯੋਗ ਜ਼ਮੀਨੀ ਦੇ ਖੇਤਰ ਮੁਤਾਬਕ ਜੀਓ-ਟੈਗ ਕੀਤਾ ਜਾਂਦਾ ਹੈ, ਜਿਸ ਨਾਲ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਗਤੀਵਿਧੀਆਂ ਦੀ ਨਿਗਰਾਨੀ ਅਤੇ ਦਸਤਾਵੇਜ਼ੀਕਰਨ ਦੀ ਸਹੂਲਤ ਮਿਲਦੀ ਹੈ।
ਖੇਤੀਬਾੜੀ ਮੰਤਰੀ ਨੇ ਇਸ ਐਪ ਦੇ ਮਜ਼ਬੂਤ ਈਕੋਸਿਸਟਮ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਸ ਵਿੱਚ 5,000 ਤੋਂ ਵੱਧ ਪਿੰਡ ਪੱਧਰੀ ਫੈਸਿਲੀਟੇਟਰ (ਵੀ.ਐਲ.ਐਫਜ਼) ਅਤੇ ਕਲੱਸਟਰ ਅਫਸਰ (ਸੀ.ਓਜ਼) ਸ਼ਾਮਲ ਹਨ ਜੋ ਕਿਸਾਨਾਂ ਨੂੰ ਜ਼ਮੀਨੀ ਪੱਧਰ ‘ਤੇ ਸਹਾਇਤਾ ਪ੍ਰਦਾਨ ਕਰਨ ਤੋਂ ਇਲਾਵਾ ਗਤੀਵਿਧੀਆਂ ਦੀ ਨਿਗਰਾਨੀ ਕਰਨਗੇ। ਇਹ ਪਲੇਟਫਾਰਮ ਸੀ.ਆਰ.ਐਮ. ਮਸ਼ੀਨਾਂ ਦੇ ਪ੍ਰਾਈਵੇਟ ਮਾਲਕਾਂ ਨੂੰ ਆਪਣੇ ਉਪਕਰਣਾਂ ਨੂੰ ਰਜਿਸਟਰ ਕਰਨ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ ਤਾਂ ਜੋ ਮਸ਼ੀਨਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਭਾਈਚਾਰਕ ਸਹਾਇਤਾ ਲਈ, ਵੀ.ਐਲ.ਐਫਜ਼ ਕਿਸਾਨਾਂ ਲਈ ਆਪ ਵੀ ਮਸ਼ੀਨਾਂ ਬੁੱਕ ਕਰ ਸਕਦੇ ਹਨ ਤਾਂ ਜੋ ਕੋਈ ਵੀ ਕਿਸਾਨ ਇਸ ਸਹੂਲਤ ਤੋਂ ਵਾਂਝਾ ਨਾ ਰਹੇ।
ਗੁਰਮੀਤ ਸਿੰਘ ਖੁੱਡੀਆਂ ਨੇ ਇਸ ਐਪ ਦੇ ਬੈਕਐਂਡ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਇੱਕ ਰੀਅਲ-ਟਾਈਮ ਡੈਸ਼ਬੋਰਡ ਹੈ ਜੋ ਮਸ਼ੀਨ ਦੀ ਵਰਤੋਂ ਅਤੇ ਫੀਲਡ ਅਫਸਰਾਂ ਦੀਆਂ ਗਤੀਵਿਧੀਆਂ ਦੀ ਸਟੀਕ ਨਿਗਰਾਨੀ ਨੂੰ ਸਮਰੱਥ ਬਣਾਉਂਦਾ ਹੈ। ਇਹ ਜਵਾਬਦੇਹੀ, ਸਮੱਸਿਆਵਾਂ ਦੇ ਤੁਰੰਤ ਹੱਲ ਅਤੇ ਅਨੁਕੂਲ ਸਰੋਤ ਯਕੀਨੀ ਬਣਾਉਂਦਾ ਹੈ ਅਤੇ ਵਾਢੀ ਦੇ ਮਹੱਤਵਪੂਰਨ ਸਮੇਂ ਦੌਰਾਨ ਕਿਸਾਨ ਭਾਈਚਾਰੇ ਲਈ ਲਾਹੇਵੰਦ ਬਣਦਾ ਹੈ। ਉਨ੍ਹਾਂ ਕਿਹਾ ਕਿ ਸਰੋਤਾਂ ਨੂੰ ਟਰੈਕ ਕਰਨ ਅਤੇ ਪ੍ਰਬੰਧਨ ਵਿੱਚ ਡੈਸ਼ਬੋਰਡ ਦੀ ਪ੍ਰਭਾਵਸ਼ੀਲਤਾ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਪਹਿਲਕਦਮੀਆਂ ਦੀ ਸਮੁੱਚੀ ਕੁਸ਼ਲਤਾ ਵਿੱਚ ਵਾਧਾ ਕਰਦੀ ਹੈ।
ਸ. ਗੁਰਮੀਤ ਸਿੰਘ ਖੁੱਡੀਆਂ ਨੇ "ਉੱਨਤ ਕਿਸਾਨ" ਐਪ ਦੇ ਕਿਸਾਨ-ਪੱਖੀ ਡਿਜ਼ਾਈਨ ਦਾ ਹਵਾਲਾ ਦਿੰਦਿਆਂ ਕਿਸਾਨਾਂ ਨੂੰ ਇਸ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਐਪ ਨੇ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਮਸ਼ੀਨਰੀ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿੱਚ ਬਦਲਾਅ ਲਿਆਉਂਦਿਆਂ ਇਸ ਨੂੰ ਵਧੇਰੇ ਕੁਸ਼ਲ, ਪਾਰਦਰਸ਼ੀ ਅਤੇ ਸੰਮਲਿਤ ਬਣਾਇਆ ਹੈ। ਉਨ੍ਹਾਂ ਕਿਹਾ ਕਿ ਨੇੜਲੇ ਕਸਟਮ ਹਾਇਰਿੰਗ ਸੈਂਟਰਾਂ ਅਤੇ ਨਿੱਜੀ ਮਸ਼ੀਨ ਮਾਲਕਾਂ ਤੋਂ ਆਸਾਨ ਬੁਕਿੰਗ ਨੂੰ ਯਕੀਨੀ ਬਣਾ ਕੇ ਇਹ ਐਪ ਪਰਾਲੀ ਦੀ ਸੰਭਾਲ ਦਾ ਸਾਇੰਟੀਫਿਕ ਵਿਕਲਪ ਪ੍ਰਦਾਨ ਕਰਦੀ ਹੈ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵਾਤਾਵਰਣ ਅਤੇ ਟਿਕਾਊ ਖੇਤੀਬਾੜੀ ਸਬੰਧੀ ਟੀਚਿਆਂ ਦਾ ਸਮਰਥਨ ਕਰਦੀ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਬੰਧਕੀ ਸਕੱਤਰ ਡਾ. ਬਸੰਤ ਗਰਗ ਨੇ ਪੰਜਾਬ ਵਿੱਚ ਖੇਤੀਬਾੜੀ ਖੇਤਰ ਦੇ ਵਿਕਾਸ ਵਿੱਚ "ਉੱਨਤ ਕਿਸਾਨ" ਐਪ ਦੀ ਅਹਿਮ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਹ ਐਪ ਕਿਸਾਨਾਂ ਨੂੰ ਸੀ.ਆਰ.ਐਮ. ਮਸ਼ੀਨਰੀ ਤੱਕ ਆਸਾਨ ਪਹੁੰਚ ਪ੍ਰਦਾਨ ਕਰ ਰਹੀ ਹੈ ਅਤੇ ਸੂਬੇ ਵਿੱਚ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਨੇ ਖੇਤੀਬਾੜੀ ਖੇਤਰ ਵਿੱਚ ਭਵਿੱਖੀ ਪ੍ਰਗਤੀ ਲਈ ਇਸ ਦੀ ਡਿਜੀਟਲ ਨੀਂਹ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਪ੍ਰਗਟਾਈ।