ਚੰਡੀਗੜ੍ਹ: ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਵਿੱਚ ਦੁਸਹਿਰਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਖੇਮਕਰਨ ’ਚ ਸ਼੍ਰੀ ਰਾਮ ਲੀਲਾ ਕਲੱਬ ਵਲੋਂ ਦੁਸਹਿਰਾ ਸਥਾਨਕ ਸਕੂਲ ਦੇ ਗਰਾਊਂਡ 'ਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਦਾ ਉਦਘਾਟਨ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਕਰਦਿਆਂ ਜਿੱਥੇ ਕਲੱਬ ਨੂੰ ਮਦਦ ਵੀ ਦਿੱਤੀ, ਉੱਥੇ ਸ਼ਹਿਰ ਤੇ ਇਲਾਕੇ ਨੂੰ ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਦੁਸਹਿਰੇ ਦੀ ਵਧਾਈ ਦਿੱਤੀ। ਵਿਧਾਇਕ ਧੁੰਨ ਸਮੇਤ ਰਾਮ ਲੀਲਾ ਦੇ ਕਲਾਕਾਰਾਂ ਵਲੋਂ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆ ਨੂੰ ਅਗਨੀ ਭੇਟ ਕੀਤੀ ਗਈ।
ਸੁਲਤਾਨਪੁਰ ਲੋਧੀ ਵਿਖੇ ਵੀ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸ੍ਰੀ ਰਾਮ ਲੀਲਾ ਕਮੇਟੀ ਚੌਂਕ ਚੇਲਿਆਂ ਵਿਖੇ ਪ੍ਰਧਾਨ ਪਵਨ ਕੁਮਾਰ ਸੇਠੀ ਦੀ ਅਗਵਾਈ ਹੇਠ ਦੁਸਹਿਰੇ ਦਾ ਤਿਉਹਾਰ ਸ਼ਰਧਾ ਅਤੇ ਧੂਮ ਧਾਮ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਸਾਥੀਆਂ ਸਮੇਤ ਪੁੱਜੇ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਪਾਵਨ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਵੀ ਸਾੜੇ ਗਏ।
ਨਵਾਂ ਸ਼ਹਿਰ ਦੇ ਇਤਿਹਾਸਿਕ ਪਿੰਡ ਫਰਾਲਾ ਵਿਖੇ ਸਰਬ ਧਰਮ ਮਹਾਂ ਸਭਾ ਵਲੋਂ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਉਪ ਪ੍ਰਧਾਨ ਬਲਬੀਰ ਸਿੰਘ ਬਾਲੀ, ਸੈਕਟਰੀ ਜਨਾਬ ਇਕਬਾਲ ਮੁਹੰਮਦ, ਰਾਮ ਮੂਰਤੀ, ਜਸਪ੍ਰੀਤ ਸਿੰਘ, ਜਰਨੈਲ ਸਿੰਘ ਆਦਿ ਪ੍ਰਬੰਧਕਾਂ ਵਲੋਂ ਕੁੰਭਕਰਨ, ਮੇਘਨਾਥ ਤੇ ਰਾਵਣ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ।