'84 ਸਿੱਖ ਕਤਲੇਆਮ ਬਾਰੇ ਅੱਜ ਦੀ ਪੀੜ੍ਹੀ ਅਣਜਾਣ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਖੋ ਕੈਮਰੇ ਸਾਹਮਣੇ ਕੀ ਕਹੀ ਜਾਂਦੇ ਨੇ !

Today's generation unaware of the '84 Sikh massacre?

ਚੰਡੀਗੜ੍ਹ: ਸਿੱਖ ਇਤਿਹਾਸ ਦਾ ਕਾਲਾ ਦਿਨ ਯਾਨੀ ਕਿ ਨਵੰਬਰ 1984 ਜੋ ਸਿੱਖ ਇਤਿਹਾਸ ‘ਤੇ ਬਹੁਤ ਵੱਡੀ ਸੱਟ ਹੈ। ਇਹਨਾਂ ਦਿਨਾਂ ਦੌਰਾਨ ਵੱਡੀ ਗਿਣਤੀ ਵਿਚ ਸਿੱਖ ਕਤਲੇਆਮ ਹੋਇਆ ਸੀ। ਭਾਰੀ ਗਿਣਤੀ ਵਿਚ ਸਿੱਖਾਂ ਨੂੰ ਘਰਾਂ ਵਿਚੋਂ ਕੱਢ ਕੇ ਕੋਹ-ਕੋਹ ਕੇ ਮਾਰਿਆ ਗਿਆ ਸੀ। ਰੋਜ਼ਾਨਾ ਸਪੋਕਸਮੈਨ ਟੀਵੀ ਵੱਲੋਂ ਇਸ ਕਾਲੇ ਦਿਨ ਬਾਰੇ ਅੱਜ ਦੀ ਨੌਜਵਾਨ ਪੀੜ੍ਹੀ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਰੋਜ਼ਾਨਾ ਸਪੋਕਸਮੈਨ ਵੱਲੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਆਖਿਰ ਅਜੋਕੀ ਪੀੜ੍ਹੀ ਨੂੰ ਸਿੱਖ ਇਤਿਹਾਸ ਦੇ ਉਸ ਕਾਲੇ ਦੌਰ ਬਾਰੇ ਕਿੰਨੀ ਕੁ ਜਾਣਕਾਰੀ ਹੈ, ਜਿਸ ਦੇ ਜ਼ਖਮ ਹਾਲੇ ਹੀ ਅੱਲੇ ਹਨ।

ਨਵੰਬਰ 1984 ਬਾਰੇ ਜਦੋਂ ਨੌਜਵਾਨਾਂ ਕੋਲੋਂ ਪੁੱਛਿਆ ਗਿਆ ਤਾਂ ਕੁਝ ਨੌਜਵਾਨ ਅਜਿਹੇ ਸਨ ਜਿਨ੍ਹਾਂ ਨੂੰ ਕਾਲੇ  ਦੌਰ ਬਾਰੇ ਬਿਲਕੁਲ ਵੀ ਨਹੀਂ ਪਤਾ। ਇਕ ਨੌਜਵਾਨ ਦਾ ਕਹਿਣਾ ਹੈ ਕਿ ਨਵੰਬਰ 1984 ਵਿਚ ਇੰਦਰਾ ਗਾਂਧੀ ਦਾ ਕਤਲ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਕ ਹੋਰ ਨੌਜਵਾਨ ਦਾ ਕਹਿਣਾ ਹੈ ਕਿ ਨਵਬੰਰ 1984 ਬਾਰੇ ਕਦੀ ਵੀ ਉਹਨਾਂ ਦੇ ਘਰ ਕੋਈ ਜ਼ਿਕਰ ਨਹੀਂ ਹੋਇਆ।

ਇਸ ਤੋਂ ਬਾਅਦ ਇਕ ਨੌਜਵਾਨ ਦਾ ਕਹਿਣਾ ਹੈ ਕਿ 1984 ਵਿਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਰਕਾਰ ਦੇ ਜ਼ੋਰ ‘ਤੇ ਨਿਰਦੇਸ਼ ਸਿੱਖਾਂ ਨੂੰ ਮਾਰਿਆ ਗਿਆ ਸੀ। ਉਹਨਾਂ ਕਿਹਾ ਕਿ ਇਸ ਕਰਕੇ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬਜ਼ੁਰਗਾਂ ਵੱਲੋਂ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਪੁਲਿਸ ਘਰਾਂ ਵਿਚੋਂ ਹੀ ਨਿਰਦੋਸ਼ ਸਿੱਖਾਂ ਨੂੰ ਚੁੱਕ ਕੇ ਲਿਜਾਉਂਦੀ ਰਹੀ ਅਤੇ ਉਹਨਾਂ ‘ਤੇ ਤਸ਼ੱਦਦ ਕਰਦੀ ਰਹੀ।

ਇਨਸਾਫ਼ ਬਾਰੇ ਉਹਨਾਂ ਕਿਹਾ ਕਿ ਤਸ਼ੱਦਦ ਕਰਵਾਉਣ ਵਾਲੇ ਵੀ ਉਹੀ ਸਨ ‘ਤੇ ਹੁਣ ਵੀ ਉਹੀ ਹਨ, ਉਸ ਸਮੇਂ ਵੀ ਸਿੱਖਾਂ ਦੀ ਗਿਣਤੀ ਘੱਟ ਸੀ ਤੇ ਹੁਣ ਵੀ ਘੱਟ ਹੈ। ਉਹਨਾਂ ਦਾ ਕਹਿਣਾ ਹੈ ਕਿ ਇਨਸਾਫ਼ ਉਦੋਂ ਤੱਕ ਨਹੀਂ ਮਿਲਦਾ ਜਦੋਂ ਤੱਕ ਕੋਈ ਸਹੀ ਇਨਸਾਨ ਨਹੀਂ ਆਉਂਦਾ। ਉਹਨਾਂ ਦਾ ਕਹਿਣਾ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰ ਕਈ ਸਹੀ ਬੰਦੇ ਜੇਲ੍ਹਾਂ ਦੇ ਅੰਦਰ ਹਨ ਅਤੇ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ।

ਇਕ ਸਿੱਖ ਨੌਜਵਾਨ ਦਾ ਕਹਿਣਾ ਹੈ ਕਿ ਨਵੰਬਰ 1984 ਵਿਚ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਵਾਇਆ ਸੀ। ਹੋਰ ਤਾਂ ਹੋਰ ਇਕ ਨੌਜਵਾਨ ਦਾ ਕਹਿਣਾ ਹੈ ਕਿ 1984 ਵਾਲੇ ਦਿਨ ਸਾਕਾ ਨੀਲਾ ਤਾਰਾ (Operation Blue Star) ਵਾਪਰਿਆਂ ਸੀ। ਇਸ ਸਬੰਧੀ ਜਾਣਕਾਰੀ ਨਾ ਹੋਣ ‘ਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਅੱਜ ਦੇ ਨੌਜਵਾਨ ਵਿਦੇਸ਼ਾਂ ਵੱਲ ਜਾਣ ਲਈ ਜ਼ਿਆਦਾ ਧਿਆਨ ਦਿੰਦੇ ਹਨ ਅਤੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਨ। ਹੋਰ ਤਾਂ ਹੋਰ ਇਕ ਨੌਜਵਾਨ ਦਾ ਕਹਿਣਾ ਹੈ ਕਿ 1984 ਵਿਚ ਜਲਿਆਂਵਾਲੇ ਬਾਗ ਵਿਖੇ ਕਤਲੇਆਮ ਹੋਇਆ ਸੀ।

ਇਸ ਤੋਂ ਬਾਅਦ ਉਹਨਾਂ ਕਿਹਾ ਕਿ ਕਿਤੇ ਵੀ ਸਿੱਖ ਜਾਣ ਤਾਂ ਸਰਕਾਰਾਂ ਉਹਨਾਂ ਨੂੰ ਸ਼ੱਕੀ ਨਜ਼ਰ ਨਾਲ ਦੇਖਦੀਆਂ ਹਨ।  ਇਸੇ ਕਾਰਨ ਸਿੱਖਾਂ ਦੇ ਮਨਾਂ ਵਿਚ ਡਰ ਬੈਠਦਾ ਜਾ ਰਿਹਾ ਹੈ ਤੇ ਇਹੀ ਕਾਰਨ ਹੈ ਕਿ ਸਿੱਖਾਂ ਦੇ ਬੱਚੇ ਪੱਗਾਂ ਅਤੇ ਸਿੱਖੀ ਤੋਂ ਦੂਰ ਹੋ ਰਹੇ ਹਨ। ਨੌਜਵਾਨ ਦਾ ਕਹਿਣਾ ਹੈ ਸਰਕਾਰਾਂ ਸ਼ੁਰੂ ਤੋਂ ਹੀ ਸਿੱਖਾਂ ਨੂੰ ਚੰਗੀ ਕੌਮ ਨਹੀਂ ਮੰਨਦੀਆਂ ਜਦਕਿ ਸਭ ਤੋਂ ਜ਼ਿਆਦਾ ਸ਼ਹੀਦੀਆਂ ਸਿੱਖਾਂ ਵਿਚ ਹੀ ਹੋਈਆਂ ਹਨ ਅਤੇ 1984 ਵਿਚ ਦੋ ਸਿੱਖ ਯੋਧਿਆਂ ਨੇ ਇੰਦਰਾ ਗਾਂਧੀ ਨੂੰ ਮੌਤ ਦਿੱਤੀ ਸੀ।

ਇਸ ਸਬੰਧੀ ਜਦੋਂ ਨੌਜਵਾਨ ਲੜਕੀਆਂ ਨਾਲ ਗੱਲ਼ ਕੀਤੀ ਗਈ ਤਾਂ ਉਹਨਾਂ ਨੂੰ ਵੀ ਇਸ ਕਾਲੇ ਦੌਰ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਸੀ। ਇਤਿਹਾਸ ਬਾਰੇ ਪੂਰੀ ਜਾਣਕਾਰੀ ਨਾ ਹੋਣ ਬਾਰੇ ਲੜਕੀਆਂ ਦਾ ਕਹਿਣਾ ਹੈ ਕਿ ਨੌਜਵਾਨ ਪੀੜ੍ਹੀ ਪੱਛਮੀ ਸੱਭਿਆਚਾਰ ਅਪਣਾ ਰਹੀ ਹੈ। ਇਕ ਨੌਜਵਾਨ ਨੇ ਤਾਂ ਇਹੀ ਕਹਿ ਦਿੱਤਾ ਕਿ ਨਵੰਬਰ 1984 ਵਿਚ ਸਿੱਖਾਂ ਦੀ ਲੜਾਈ ਹੋਈ ਸੀ ਜਦਕਿ ਲੜਾਈ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਜਦੋਂ ਪਤਾ ਹੋਵੇ ਕਿ ਸਾਡੇ ‘ਤੇ ਹਮਲਾ ਹੋਣ ਵਾਲਾ ਹੈ। 1984 ਵਿਚ ਜੋ ਹੋਇਆ ਉਹ ਲੜਾਈ ਨਹੀਂ ਸੀ ਉਹ ਨਸਲਕੁਸ਼ੀ ਅਤੇ ਕਤਲੇਆਮ ਸੀ।

ਇਸ ਸਾਰੀ ਗੱਲਬਾਤ ਵਿਚ ਅੱਜ ਦੀ ਨੌਜਵਾਨ ਪੀੜ੍ਹੀ ਦਾ ਕਹਿਣਾ ਹੈ ਕਿ ਅਧੁਨਿਕ ਤਕਨੀਕਾਂ ਆ ਰਹੀਆਂ ਹਨ ਜਾਂ ਵਿਕਾਸ ਹੋ ਰਿਹਾ ਹੈ ਇਸੇ ਕਾਰਨ ਨੌਜਵਾਨ ਸਿੱਖ ਇਤਿਹਾਸ ਨੂੰ ਵਿਸਾਰਦੇ ਜਾ ਰਹੇ ਹਨ। ਪਰ ਲੋੜ ਹੈ ਸਿੱਖ ਇਤਿਹਾਸ ਨੂੰ ਯਾਦ ਰੱਖਣ ਦੀ ਕਿਉਂਕਿ ਇਹ ਉਹ ਕੁਰਬਾਨੀਆਂ ਅਤੇ ਸ਼ਹੀਦੀਆਂ ਹਨ ਜਿਨ੍ਹਾਂ ਨੇ ਸਾਡਾ ਇਤਿਹਾਸ ਹੋਰ ਉੱਚਾ ਕੀਤਾ ਹੈ। ਸਾਡਾ ਇਹੀ ਇਤਿਹਾਸ ਸਾਡਾ ਵਜੂਦ ਦਰਸਾਉਂਦਾ ਹੈ।

ਦੇਖੋ ਵੀਡੀਓ:

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।