ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਕਿਸਾਨਾਂ ਦਾ ਧਰਨਾ 40ਵੇਂ ਦਿਨ 'ਚ ਸ਼ਾਮਲ
ਇਹ ਧਰਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਹਰਪ੍ਰੀਤ ਸਿੰਘ ਸਿੱਧਵਾਂ ਅਤੇ ਸਤਨਾਮ ਸਿੰਘ ਮਾਣੋਚਾਹਲ ਦੀ ਅਗਵਾਈ ਹੇਠ ਨਿਰੰਤਰ ਜਾਰੀ ਹੈ
ਚੰਡੀਗੜ੍ਹ - ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਲਾਇਆ ਧਰਨਾ ਅੱਜ 40ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ। ਇਹ ਧਰਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਹਰਪ੍ਰੀਤ ਸਿੰਘ ਸਿੱਧਵਾਂ ਅਤੇ ਸਤਨਾਮ ਸਿੰਘ ਮਾਣੋਚਾਹਲ ਦੀ ਅਗਵਾਈ ਹੇਠ ਨਿਰੰਤਰ ਜਾਰੀ ਹੈ। ਇਸ ਦੌਰਾਨ ਕਿਸਾਨਾਂ ਵਲੋਂ ਕਾਰਪੋਰੇਟ ਘਰਾਣਿਆਂ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਇਕ ਧਰਨੇ ਦੌਰਾਨ 9 ਅਕਤੂਬਰ ਨੂੰ ਬੁਢਲਾਡਾ ਦੇ ਰੇਲਵੇ ਸਟੇਸ਼ਨ ‘ਤੇ ਇਕ ਬਜ਼ੁਰਗ ਔਰਤ ਤੇਜ ਕੌਰ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪਰਿਵਾਰ ਨੂੰ ਮੁਆਵਜ਼ਾ ਮੁਹੱਈਆ ਕਰਵਾਉਣ ਲਈ ਕਿਸਾਨ ਸੰਗਠਨ ਬੀਕੇਯੂ ਏਕਤਾ ਉਗਰਾਹਾ ਵੱਲੋਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਇੰਨੇ ਦਿਨਾਂ ਤੱਕ ਮਾਤਾ ਦਾ ਅੰਤਿਮ ਸਸਕਾਰ ਵੀ ਨਹੀਂ ਕੀਤਾ।
ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਬੀਤੀ ਰਾਤ ਕਿਸਾਨਾਂ ਦੀ ਐਸਐਸਪੀ ਮਾਨਸਾ ਨਾਲ ਇੱਕ ਖਾਸ ਮੀਟਿੰਗ ਹੋਈ, ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ, ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਰੋਮਾਣਾ, ਤੇਜ ਕੌਰ ਦੇ ਪੁੱਤਰ ਬਾਬੂ ਸਿੰਘ ਅਤੇ ਮਿੱਤੂ ਸਿੰਘ ਸ਼ਾਮਲ ਸੀ। ਡੀਐਸਪੀ ਗੁਰਮੀਤ ਸਿੰਘ ਪੁਲਿਸ ਵਲੋਂ ਸ਼ਾਮਲ ਹੋਏ। ਜਿਸ ਵਿਚ ਇਹ ਫੈਸਲਾ ਲਿਆ ਗਿਆ ਕਿ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ, ਜਿਸ ਚੋਂ 5 ਲੱਖ ਰੁਪਏ ਉਨ੍ਹਾਂ ਦੇ ਭੋਗ 'ਤੇ ਚੈੱਕ ਰਾਹੀਂ ਦਿੱਤੇ ਜਾਣਗੇ, ਜਦੋਂ ਕਿ ਪੰਜ ਲੱਖ ਨਕਦ। ਪ੍ਰਸਾਸ਼ਨ ਵਲੋਂ ਮੰਗਾਂ ਮੰਨੇ ਜਾਣ ਮੰਗਰੋਂ ਕਿਸਾਨਾਂ ਨੇ ਇਸ ਸਬੰਧੀ ਧਰਨਾ ਖ਼ਤਮ ਕੀਤਾ।