ਪੰਜਾਬ ਦੀ ਹਵਾ ਦਿੱਲੀ ਅਤੇ ਹਰਿਆਣਾ ਨਾਲੋਂ ਕਿਤੇ ਬਿਹਤਰ
ਅਗਸਤ ਅਤੇ ਸਤੰਬਰ (2018-2020) ਦੇ ਮਹੀਨਿਆਂ ਵਿਚ, ਪੰਜਾਬ ਦਾ ਔਸਤਨ ਹਵਾ ਗੁਣਵੱਤਾ ਸੂਚਕ ਅੰਕ 50 ਤੋਂ 87 ਦੇ ਅੰਦਰ ਰਿਹਾ
ਚੰਡੀਗੜ੍ਹ(ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦਾ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ) ਗੁਆਂਢੀ ਰਾਜ ਹਰਿਆਣਾ ਅਤੇ ਦਿੱਲੀ ਦੀ ਤੁਲਨਾ ਵਿੱਚ ਕਾਫ਼ੀ ਬਿਹਤਰ ਹੈ ਅਤੇ ਇਸ ਨਾਲ ਪੰਜਾਬ 'ਤੇ ਸਾਰਾ ਦੋਸ਼ ਮੜ੍ਹਨ ਦੇ ਦੋਸ਼ਾਂ ਦਾ ਪਰਦਾਫਾਸ਼ ਹੋਇਆ ਹੈ ਕਿਉਂਕਿ ਜ਼ਮੀਨੀ ਹਾਲਾਤ ਇੱਕ ਅਲੱਗ ਹੀ ਕਹਾਣੀ ਬਿਆਨ ਕਰਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਾਲ ਦੇ ਦਿਨਾਂ ਵਿੱਚ ਵਿਸ਼ੇਸ਼ ਤੌਰ 'ਤੇ ਅਕਤੂਬਰ ਤੋਂ ਦਸੰਬਰ ਦੇ ਮਹੀਨਿਆਂ ਦੌਰਾਨ ਦਿੱਲੀ ਵਿੱਚ ਪ੍ਰਦੂਸ਼ਣ ਲਈ ਉੱਤਰੀ ਭਾਰਤ ਦੇ ਰਾਜਾਂ, ਖ਼ਾਸਕਰ ਪੰਜਾਬ ਵਿਚ ਝੋਨੇ ਦੀ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।ਇਸ ਲਈ ਇੱਥੇ ਤੱਥਾਂ ਨੂੰ ਸਮਝਣ ਦੀ ਲੋੜ ਹੈ।
ਬੁਲਾਰੇ ਨੇ ਅੱਗੇ ਦੱÎਸਿਆ ਕਿ ਪੰਜਾਬ ਵਿੱਚ 6 ਕੰਟੀਨਿਊਸ ਐਂਬਈਐਂਟ ਏਅਰ ਕੁਆਲਿਟੀ ਮੌਨੀਟਰਿੰਗ ਸਟੇਸ਼ਨਜ਼ (ਸੀਏਏਕਿਯੂਐਮਐਸ) ਸਥਾਪਤ ਹਨ ਜਿਨ੍ਹਾਂ ਵਿੱਚ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਖੰਨਾ, ਮੰਡੀ ਗੋਬਿੰਦਗੜ ਅਤੇ ਪਟਿਆਲੇ ਵਿੱਚ ਇੱਕ-ਇੱਕ ਸਟੇਸ਼ਨ ਸਥਾਪਤ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅੰਕੜਿਆਂ (ਔਸਤਨ ਅਧਾਰ 'ਤੇ) ਦੀ ਤੁਲਨਾ ਵਿੱਚ ਦਿੱਲੀ ਨੇੜੇ ਹਰਿਆਣਾ ਵਿੱਚ ਗੁਰੂਗ੍ਰਾਮ, ਪਾਣੀਪਤ, ਸੋਨੀਪਤ, ਫਰੀਦਾਬਾਦ, ਰੋਹਤਕ ਵਿਖੇ ਇਹ ਸਟੇਸ਼ਨ ਸਥਾਪਤ ਹਨ ਅਤੇ ਦਿੱਲੀ ਦੇ ਸਟੇਸ਼ਨਾਂ ਨੇ ਇਹ ਖੁਲਾਸਾ ਕੀਤਾ ਹੈ
ਕਿ ਅਗਸਤ ਅਤੇ ਸਤੰਬਰ (2018-2020) ਦੇ ਮਹੀਨਿਆਂ ਵਿਚ, ਪੰਜਾਬ ਦਾ ਔਸਤਨ ਹਵਾ ਗੁਣਵੱਤਾ ਸੂਚਕ ਅੰਕ 50 ਤੋਂ 87 ਦੇ ਅੰਦਰ ਰਿਹਾ। ਜਦੋਂ ਕਿ ਦਿੱਲੀ ਵਿਚ, ਉਸੇ ਸਮੇਂ ਦੌਰਾਨ ਔਸਤਨ ਏ.ਕਿਊ.ਆਈ 63 ਤੋਂ 118 ਤੱਕ ਰਿਹਾ।ਇਸੇ ਸਮੇਂ ਦਿੱਲੀ (2019-2020) ਅਤੇ ਫਰੀਦਾਬਾਦ ਦੇ ਨੇੜੇ ਹਰਿਆਣਾ ਦੇ ਸਟੇਸ਼ਨਾਂ ਵਿਚ, ਔਸਤਨ ਏ.ਕਿਊ.ਆਈ. 67 ਤੋਂ 115 ਤੱਕ ਰਿਹਾ। ਇਸ ਲਈ ਅਕਤੂਬਰ ਵਿੱਚ ਝੋਨੇ ਦੇ ਵਢਾਈ ਸੀਜ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਦਿੱਲੀ ਅਤੇ ਹਰਿਆਣਾ ਦਾ ਔਸਤਨ ਹਵਾ ਗੁਣਵੱਤਾ ਸੂਚਕ ਅੰਕ ਕ੍ਰਮਵਾਰ 26-36% ਅਤੇ 32 - 34% ਸੀ, ਜੋ ਪੰਜਾਬ ਨਾਲੋਂ ਜ਼ਿਆਦਾ ਸੀ।