ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਵਿਸ਼ੇਸ਼ ਸੁਧਾਈ-2022 ਲਈ ਸਿਆਸੀ ਪਾਰਟੀਆਂ ਨਾਲ ਮੀਟਿੰਗ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਵਿਸ਼ੇਸ਼ ਸੁਧਾਈ-2022 ਲਈ ਸਿਆਸੀ ਪਾਰਟੀਆਂ ਨਾਲ ਮੀਟਿੰਗ

image

ਚੰਡੀਗੜ੍ਹ, 1 ਨਵੰਬਰ (ਦਿਲਮੋਹਨ ਸਿੰਘ): ਮੁੱਖ ਚੋਣ ਅਫ਼ਸਰ (ਸੀ.ਈ.ਓ.) ਪੰਜਾਬ, ਡਾ. ਐਸ. ਕਰੁਣਾ ਰਾਜੂ, ਆਈ.ਏ.ਐਸ. ਨੇ ਅੱਜ ਵਿਸ਼ੇਸ਼ ਸੁਧਾਈ-2022 ਦੀ ਸੁਰੂਆਤ ਸਬੰਧੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। 
ਡਰਾਫ਼ਟ ਵੋਟਰ ਸੂਚੀ ਦੀਆਂ ਪ੍ਰਕਾਸ਼ਤ ਕਾਪੀਆਂ ਸਿਆਸੀ ਪਾਰਟੀਆਂ ਨੂੰ ਵਿਸ਼ੇਸ਼ ਅਭਿਆਨ ਦੇ ਹਿੱਸੇ ਵਜੋਂ ਵੋਟਰ ਸੂਚੀ ਨੂੰ ਦਰੁਸਤ ਕਰਨ ਲਈ ਪੇਸ਼ ਕੀਤੀਆਂ ਗਈਆਂ ਤਾਂ ਜੋ ਸੂਚੀ ਵਿਚ ਸ਼ਾਮਲ ਨਾ ਕੀਤੇ ਗਏ ਯੋਗ ਨਾਗਰਿਕਾਂ ਨੂੰ ਦਰਜ ਕਰਨ ਅਤੇ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿ੍ਰਤਕਾਂ, ਗ਼ੈਰਹਾਜ਼ਰ ਅਤੇ ਤਬਦੀਲ ਹੋਏ ਵੋਟਰਾਂ ਨੂੰ ਸੂਚੀ ਵਿੱਚੋਂ ਹਟਾਇਆ ਜਾ ਸਕੇ। ਡਾ. ਐਸ. ਕਰੁਣਾ ਰਾਜੂ, ਆਈ.ਏ.ਐਸ. ਨੇ ਦਸਿਆ ਕਿ ਡਰਾਫ਼ਟ ਵੋਟਰ ਸੂਚੀ ਸੀ.ਈ.ਓ. ਪੰਜਾਬ ਦਫ਼ਤਰ ਦੀ ਵੈੱਬਸਾਈਟ ‘ਤੇ ਵੀ ਉਪਲਬਧ ਹੈ। 
ਵਿਸ਼ੇਸ਼ ਸੁਧਾਈ ਸਬੰਧੀ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਅੱਗੇ ਕਿਹਾ ਕਿ ਸੁਧਾਈ ਪ੍ਰਕਿਰਿਆ 1 ਨਵੰਬਰ ਤੋਂ 30 ਨਵੰਬਰ, 2021 ਦਰਮਿਆਨ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਦੌਰਾਨ ਨਾਗਰਿਕਾਂ ਨੂੰ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦਾ ਮੌਕਾ ਵੀ ਦਿਤਾ ਜਾਵੇਗਾ। 
ਸਿਆਸੀ ਪਾਰਟੀਆਂ ਦੇ ਸਹਿਯੋਗ ਦੀ ਮੰਗ ਕਰਦਿਆਂ ਮੁੱਖ ਚੋਣ ਅਧਿਕਾਰੀ ਪੰਜਾਬ ਨੇ ਦੱਸਿਆ ਕਿ 6, 7, 20 ਅਤੇ 21 ਨਵੰਬਰ, 2021 ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ ਜਿੱਥੇ ਬੂਥ ਲੈਵਲ ਅਫਸਰ (ਬੀ.ਐਲ.ਓਜ) ਆਪੋ-ਆਪਣੇ ਪੋਲਿੰਗ ਸਟੇਸਨਾਂ ’ਤੇ ਮੌਜੂਦ ਰਹਿਣਗੇ।
ਉਨ੍ਹਾਂ ਸਿਆਸੀ ਪਾਰਟੀਆਂ ਦੇ ਸਮੂਹ ਨੁਮਾਇੰਦਿਆਂ ਨੂੰ ਬੂਥ ਲੈਵਲ ਏਜੰਟ (ਬੀ.ਐਲ.ਏ.) ਨਿਯੁਕਤ ਕਰਨ ਅਤੇ ਯੋਗ ਵੋਟਰਾਂ ਨੂੰ ਸ਼ਾਮਲ ਕਰਨਾ ਯਕੀਨੀ ਬਣਾਉਣ ਲਈ ਵਿਸ਼ੇਸ਼ ਕੈਂਪਾਂ ਵਿੱਚ ਸ਼ਮੂਲੀਅਤ ਕਰਨ ਦੀ ਵੀ ਅਪੀਲ ਕੀਤੀ।