ਮੈਂ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿਤਾ : ਦਿਉਲ

ਏਜੰਸੀ

ਖ਼ਬਰਾਂ, ਪੰਜਾਬ

ਮੈਂ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿਤਾ : ਦਿਉਲ

image

 

ਕਿਹਾ, ਅੱਜ ਮੁੱਖ ਮੰਤਰੀ ਨੂੰ  ਮਿਲਿਆ ਜ਼ਰੂਰ ਸੀ ਪਰ ਅਸਤੀਫ਼ੇ ਵਾਲੀ ਕੋਈ ਗੱਲ ਨਹੀਂ

ਚੰਡੀਗੜ੍ਹ, 1 ਨਵੰਬਰ  (ਅੰਕੁਰ ਤਾਂਗੜੀ): ਸੋਮਵਾਰ ਸਵੇਰ ਤੋਂ ਏਜੀ ਦੇ  ਅਸਤੀਫ਼ੇ   ਦੀਆਂ ਅਟਕਲਾਂ ਨੂੰ  ਸ਼ਾਮ ਨੂੰ  ਏਜੀ ਨੇ ਵਿਰਾਮ ਲਗਾਉਂਦਿਆਂ ਸਾਫ਼ ਕਹਿ ਦਿਤਾ ਕਿ ਉਨ੍ਹਾਂ ਨੇ   ਅਸਤੀਫ਼ਾ  ਨਹੀਂ ਦਿਤਾ | ਉਹ ਅਜੇ ਵੀ ਐਡਵੋਕੇਟ ਜਨਰਲ ਹਨ ਅਤੇ ਰਹਿਣਗੇ | ਪੰਜਾਬ ਦੇ ਐਡਵੋਕੇਟ ਜਨਰਲ ਅਹੁਦੇ ਤੋਂ ਏਪੀਐੱਸ ਦਿਉਲ ਦੇ ਅਸਤੀਫ਼ੇ ਦਿਤੇ ਜਾਣ ਦੇ ਦਿਨ ਭਰ ਖ਼ਬਰਾਂ ਮੀਡੀਆ ਵਿਚ ਚਲਦੀਆਂ ਰਹੀਆਂ | ਜਦੋਂ ਉਨ੍ਹਾਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਦਿਉਲ ਨੇ ਕਿਹਾ ਕਿ ਇਹ ਇਕ ਮੀਡੀਆ ਹਾਊਸ ਦੁਆਰਾ ਫੈਲਾਈ ਗਈ ਅਫ਼ਵਾਹ ਹੈ | ਦਿਉਲ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਦਾ ਕਿਸੇ ਨੇ ਅਸਤੀਫ਼ਾ ਮੰਗਿਆ ਹੈ ਅਤੇ ਨਾ ਹੀ ਉਨ੍ਹਾਂ ਨੇ ਕਿਸੇ ਨੂੰ  ਅਸਤੀਫ਼ਾ ਦਿਤਾ ਹੈ |  
ਉਨ੍ਹਾਂ ਕਿਹਾ ਕਿ ਅੱਜ ਉਹ ਮੁੱਖ ਮੰਤਰੀ ਨਾਲ ਕੈਬਨਿਟ ਦੀ ਬੈਠਕ ਦੇ ਕਾਰਨ ਮਿਲਣ ਗਏ ਸੀ | ਹਾਲਾਂਕਿ ਦਿਉਲ ਨੇ ਮੰਨਿਆ ਕਿ ਉਨ੍ਹਾਂ ਦੇ ਅਸਤੀਫ਼ੇ ਲਈ ਦਬਾਅ ਬਣਾਇਆ ਜਾ ਰਿਹਾ ਹੈ ਪਰ ਅਜੇ ਅਜਿਹਾ ਕੁੱਝ ਨਹੀਂ ਹੈ | ਏਜੀ ਨੇ ਕਿਹਾ ਕਿ ਉਨ੍ਹਾਂ ਨੂੰ  ਨਹੀਂ ਪਤਾ ਕਿ ਉਨ੍ਹਾਂ ਦੇ ਅਸਤੀਫ਼ੇ ਦੀ ਅੱਜ ਇਹ ਚਰਚਾ ਕਿਵੇਂ ਚਲੀ | ਸੋਮਵਾਰ ਸਵੇਰ ਤੋਂ ਹੀ ਚਰਚਾ ਚਲੀ ਸੀ ਕਿ ਦਿਉਲ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਘਰ ਜਾ ਕੇ ਅਪਣਾ ਅਸਤੀਫ਼ਾ ਸੌਂਪ ਦਿਤਾ |  ਇਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਸੀ ਕਿ ਹੁਣ ਉਨ੍ਹਾਂ ਦੇ ਬਾਅਦ ਅਗਲਾ ਐਡਵੋਕੇਟ ਜਨਰਲ ਕੌਣ ਹੋਵੇਗਾ? ਪਰ ਦਿਉਲ ਨੇ ਇਨ੍ਹਾਂ ਸਾਰੀਆਂ ਚਰਚਾਵਾਂ ਨੂੰ  ਇਹ ਕਹਿ ਕੇ ਰੋਕ ਲਗਾ ਦਿਤੀ ਕਿ ਉਹ ਅਜੇ ਐਡਵੋਕੇਟ ਜਨਰਲ ਹਨ ਅਤੇ ਉਨ੍ਹਾਂ ਨੇ ਕੋਈ ਅਸਤੀਫ਼ਾ ਨਹੀਂ ਦਿਤਾ |