ਦਿੱਲੀ 'ਚ 19 ਮਹੀਨੇ ਬਾਅਦ 8ਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ ਖੁੱਲ੍ਹੇ ਸਕੂਲ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ 'ਚ 19 ਮਹੀਨੇ ਬਾਅਦ 8ਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ ਖੁੱਲ੍ਹੇ ਸਕੂਲ

image

 

ਨਵੀਂ ਦਿੱਲੀ, 1 ਨਵੰਬਰ : ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕਰੀਬ 19 ਮਹੀਨੇ ਬਾਅਦ ਸੋਮਵਾਰ ਨੂੰ  8ਵੀਂ ਤਕ ਦੇ ਵਿਦਿਆਰਥੀਆਂ ਲਈ ਕਈ ਸਕੂਲ 50 ਫ਼ੀ ਸਦੀ ਸਮਰਥਾ ਨਾਲ ਖੁੱਲ੍ਹ ਗਏ ਹਨ | ਕੋਵਿਡ-19 ਕਾਰਨ ਮਾਰਚ 2020 ਤੋਂ ਸਕੂਲਾਂ ਵਿਚ ਜਮਾਤਾਂ ਬੰਦ ਕਰ ਦਿਤੀਆਂ ਗਈਆਂ ਸਨ | 9ਵੀਂ ਤੋਂ 12ਵੀਂ ਤਕ ਦੇ ਵਿਦਿਆਰਥੀਆਂ ਲਈ ਸਕੂਲ ਸਤੰਬਰ ਵਿਚ ਖੁੱਲ੍ਹ ਗਏ ਸਨ | ਕਈ ਪ੍ਰਾਈਵੇਟ ਸਕੂਲ ਹਾਲਾਂਕਿ ਦੀਵਾਲੀ ਤੋਂ ਬਾਅਦ ਸਕੂਲ ਕੰਪਲੈਕਸ 'ਚ ਜਮਾਤਾਂ ਸ਼ੁਰੂ ਕਰਨਗੇ | ਸਕੂਲਾਂ ਦੇ ਖੁੱਲ੍ਹਣ 'ਤੇ ਵਿਦਿਆਰਥੀ ਸਕੂਲ 'ਚ ਮਾਸਕ ਲਗਾ ਕੇ ਜਾਂਦੇ ਨਜ਼ਰ ਆਏ | ਸਕੂਲ ਵਿਚ ਐਂਟਰੀ ਦੇ ਸਮੇਂ ਢੁਕਵੀਂ ਦੂਰੀ ਬਣਾ ਕੇ ਰੱਖਣ ਲਈ ਸਵੈ-ਸੇਵਕ ਤਾਇਨਾਤ ਕੀਤੇ ਗਏ ਹਨ ਅਤੇ ਵਿਦਿਆਰਥੀਆਂ ਦੀ ਥਰਮਲ ਜਾਂਚ ਕੀਤੀ ਜਾ ਰਹੀ ਹੈ |
  ਉਧਰ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐਮ.ਏ.) ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਇਕ ਨਵੰਬਰ ਤੋਂ ਸਕੂਲ ਕੰਪਲੈਕਸ ਵਿਚ ਜਮਾਤਾਂ ਲੱਗਣਗੀਆਂ, ਜਮਾਤਾਂ ਆਨਲਾਈਨ ਅਤੇ ਆਫ਼ਲਾਈਨ ਭਾਵ ਕੰਪਲੈਕਸ ਵਿਚ ਦੋਵੇਂ ਤਰ੍ਹਾਂ ਨਾਲ ਚੱਲਣਗੀਆਂ | ਡੀ. ਡੀ. ਐਮ. ਏ. ਨੇ ਇਹ ਵੀ ਕਿਹਾ ਸੀ ਕਿ ਸਕੂਲਾਂ ਨੂੰ  ਇਹ ਯਕੀਨੀ ਕਰਨਾ ਹੋਵੇਗਾ ਕਿ ਇਕ ਸਮੇਂ 'ਚ ਇਕ ਜਮਾਤ ਵਿਚ 50 ਫ਼ੀ ਸਦੀ ਤੋਂ ਵੱਧ ਵਿਦਿਆਰਥੀ ਨਾ ਹੋਣ ਅਤੇ ਕਿਸੇ ਵੀ ਵਿਦਿਆਰਥੀ ਨੂੰ  ਕੰਪਲੈਕਸ ਵਿਚ ਆਉਣ ਲਈ ਮਜ਼ਬੂਰ ਨਾ ਕੀਤਾ ਜਾਵੇ |
  ਇਸ ਵਿਚਾਲੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪੂਰਬੀ ਦਿੱਲੀ ਦੇ ਵਿਨੋਦ ਨਗਰ ਦੇ ਸਕੂਲ ਪੰਹੁਚੇ ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ | ਸਿਸੋਦੀਆ ਨੇ ਕਿਹਾ,''ਆਖ਼ਰਕਾਰ ਸਕੂਲ ਵਾਪਸ ਆਉਣ ਦਾ ਸਮਾਂ ਆ ਗਿਆ | ਕਰੀਬ ਡੇਢ ਸਾਲ ਬਾਅਦ, ਬੱਚੇ ਸਕੂਲ ਵਾਪਸ ਪਰਤ ਆਏ | ਬੱਚਿਆਂ ਨੂੰ  ਜਮਾਤਾਂ ਵਿਚ ਹਸਦੇ ਅਤੇ ਮਸਤੀ ਕਰਦੇ ਦੇਖਣਾਂ, ਭਾਵੁਕ ਕਰਨ ਵਾਲਾ ਪਲ ਸੀ | ਅਸੀਂ ਸਾਰੇ ਵਿਦਿਆਰਥੀਆਂ ਦਾ ਸਕੂਲ ਵਿਚ ਸਵਾਗਤ ਕਰਦੇ ਹਾਂ |'' (ਪੀਟੀਆਈ)