Chandigarh News: ਸਰਕਾਰੀ ਰਿਹਾਇਸ਼ ਦੀ ਕੰਧ ਦੇ ਨਾਲ ਬਣੇ ਗੋਲਫ ਕਲੱਬ ਰੈਸਟੋਰੈਂਟ ਨੂੰ ਦੂਸ਼ਣ ਕੰਟਰੋਲ ਕਮੇਟੀ ਵਲੋਂ ਨੋਟਿਸ
Chandigarh 'ਚ ਪ੍ਰਸ਼ਾਸਕ ਦੀ ਰਿਹਾਇਸ਼ ਦੇ ਨਾਲ ਲਗਦਾ ਹੋਟਲ ਬਿਨਾਂ ਇਜਾਜ਼ਤ ਚਲ ਰਿਹਾ ਹੈ
- ਪ੍ਰਸ਼ਾਸਕ ਦੀ ਰਿਹਾਇਸ਼ ਦੇ ਨਾਲ ਲਗਦਾ ਹੋਟਲ ਬਿਨਾਂ ਇਜਾਜ਼ਤ ਚਲ ਰਿਹਾ ਹੈ, ਨਿਯਮਾਂ ਦੀ ਉਲੰਘਣਾ ਕਰਦੇ ਡੀਜ਼ਲ ਇੰਜਣ ਦੀ ਵਰਤੋਂ
Chandigarh: ਗੌਲਫ ਕਲੱਬ ਦੇ ਅੰਦਰ ਚੱਲ ਰਿਹਾ ਰੈਸਟੋਰੈਂਟ ਵਿਵਾਦਾਂ ਵਿਚ ਘਿਰ ਗਿਆ ਹੈ। ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (CPCC) ਨੇ ਰੈਸਟੋਰੈਂਟ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਜਵਾਬ ਤੋਂ ਬਾਅਦ ਰੈਸਟੋਰੈਂਟ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਚੰਡੀਗੜ੍ਹ ਗੌਲਫ ਕਲੱਬ ਸ਼ਹਿਰ ਦੇ ਵੀਵੀਆਈਪੀ ਖੇਤਰ ਵਿਚ ਸਥਿਤ ਹੈ। ਇਹ ਕਲੱਬ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਸਰਕਾਰੀ ਰਿਹਾਇਸ਼ ਦੀ ਕੰਧ ਦੇ ਨਾਲ ਬਣਾਇਆ ਗਿਆ ਹੈ।
ਵਾਟਰ ਟ੍ਰੀਟਮੈਂਟ ਸਿਸਟਮ ਤੋਂ ਬਿਨਾਂ ਰੈਸਟੋਰੈਂਟ ਦਾ ਗੰਦਾ ਪਾਣੀ ਨਗਰ ਨਿਗਮ ਦੇ ਡਰੇਨ ਵਿਚ ਛੱਡਿਆ ਜਾ ਰਿਹਾ ਹੈ। ਇਸ ਕਾਰਨ ਸੀਪੀਸੀਸੀ ਨੇ ਨੋਟਿਸ ਦਿੱਤਾ ਹੈ। ਸੀਪੀਸੀਸੀ ਅਧਿਕਾਰੀ ਨੇ ਕਿਹਾ ਕਿ ਨੋਟਿਸ ਦਾ ਜਵਾਬ ਮਿਲਣ ਤੋਂ ਬਾਅਦ ਰੈਸਟੋਰੈਂਟ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜਦੋਂ ਤੱਕ ਰੈਸਟੋਰੈਂਟ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਯਮਾਂ ਅਨੁਸਾਰ ਸੁਧਾਰ ਕੇ ਐਨਓਸੀ ਨਹੀਂ ਮਿਲਦੀ, ਉਦੋਂ ਤੱਕ ਇਹ ਰੈਸਟੋਰੈਂਟ ਬੰਦ ਵੀ ਹੋ ਸਕਦਾ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਸੀਪੀਸੀਸੀ ਦੀ ਇੱਕ ਟੀਮ ਨੇ ਗੌਲਫ ਕਲੱਬ ਦਾ ਨਿਰੀਖਣ ਕੀਤਾ ਹੈ। ਇਸ ਦੌਰਾਨ ਉਥੇ ਕਈ ਤਰ੍ਹਾਂ ਦੀਆਂ ਉਲੰਘਣਾਵਾਂ ਸਾਹਮਣੇ ਆਈਆਂ ਹਨ। ਇਸ 'ਚ 15 ਸਾਲ ਪੁਰਾਣੇ ਡੀਜ਼ਲ ਇੰਜਣ 'ਤੇ ਚੱਲਣ ਵਾਲੇ ਜਨਰੇਟਰ ਦੀ ਵਰਤੋਂ ਕੀਤੀ ਜਾ ਰਹੀ ਹੈ। ਜੋ ਕਿ ਏਅਰ ਐਕਟ 1981 ਦੀ ਧਾਰਾ 21 ਦੀ ਉਲੰਘਣਾ ਹੈ। ਇਸ ਦੇ ਨਾਲ ਹੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਯਮਾਂ ਮੁਤਾਬਕ ਇਸ ਤਰ੍ਹਾਂ ਦੇ ਡੀਜ਼ਲ ਇੰਜਣ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।
ਚੰਡੀਗੜ੍ਹ ਦਾ ਗੌਲਫ ਕਲੱਬ ਕਾਫੀ ਹਾਈ ਪ੍ਰੋਫਾਈਲ ਮੰਨਿਆ ਜਾਂਦਾ ਹੈ। ਇਸ ਤੋਂ ਕੁਝ ਦੂਰੀ 'ਤੇ ਪੰਜਾਬ ਦੇ ਨਾਲ-ਨਾਲ ਹਰਿਆਣਾ ਦਾ ਗਵਰਨਰ ਹਾਊਸ ਵੀ ਹੈ। ਇਸ ਤੋਂ ਇਲਾਵਾ ਸੁਖਨਾ ਝੀਲ ਅਤੇ ਬਰਡ ਪਾਰਕ ਵੀ ਥੋੜ੍ਹੀ ਦੂਰੀ 'ਤੇ ਹਨ। ਚੰਡੀਗੜ੍ਹ ਪ੍ਰਸ਼ਾਸਨ ਦੇ ਕਈ ਵਿਭਾਗਾਂ ਦੇ ਅਧਿਕਾਰੀ ਵੀ ਇਸ ਗੌਲਫ ਕਲੱਬ ਦੇ ਮੈਂਬਰ ਹਨ।
ਮਾਮਲੇ ਵਿਚ ਸੀਪੀਸੀਸੀ ਦੇ ਮੈਂਬਰ ਸਕੱਤਰ ਪੀਸੀ ਨੌਟਿਆਲ ਨੇ ਕਿਹਾ ਕਿ ਚੰਡੀਗੜ੍ਹ ਗੌਲਫ ਕਲੱਬ ਵਿਚ ਨਿਯਮਾਂ ਦੀ ਅਣਦੇਖੀ ਦੀ ਸੂਚਨਾ ਮਿਲਣ ਤੋਂ ਬਾਅਦ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਨਿਯਮਾਂ ਮੁਤਾਬਕ ਕਿਸੇ ਵੀ ਯੂਨਿਟ ਦੀ ਸਥਾਪਨਾ ਅਤੇ ਸੰਚਾਲਨ ਤੋਂ ਪਹਿਲਾਂ ਸੀਪੀਸੀਸੀ ਤੋਂ ਸਹਿਮਤੀ ਲੈਣੀ ਜ਼ਰੂਰੀ ਹੈ, ਪਰ ਇਸ ਮਾਮਲੇ ਵਿਚ ਅਜਿਹਾ ਨਹੀਂ ਕੀਤਾ ਗਿਆ ਹੈ।
(For more news apart from Chandigarh Golf Club' restaurant, stay tuned to Rozana Spokesman)