ਵਿਸ਼ੇਸ਼ ਖੁਫੀਆ ਇਤਲਾਹ ਦੇ ਆਧਾਰ 'ਤੇ ਕੀਤੀ ਵਾਹਨਾਂ ਦੀ ਚੈਕਿੰਗ : ਪੰਜਾਬ ਪੁਲਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਜ਼ਟਿਡ ਅਫ਼ਸਰਾਂ ਦੀ ਨਿਗਾਨੀ ਹੇਠ ਵਾਹਨਾਂ ਦੀ ਕੀਤੀ ਗਈ ਚੈਕਿੰਗ

Checking of vehicles done on the basis of specific intelligence information: Punjab Police clarifies

ਚੰਡੀਗੜ੍ਹ : ਪੰਜਾਬ ਪੁਲਿਸ ਨੇ 1 ਅਤੇ 2 ਨਵੰਬਰ, 2025 ਦੀ ਦਰਮਿਆਨੀ ਰਾਤ ਨੂੰ ਵਿਸ਼ੇਸ਼ ਖੁਫੀਆ ਇਤਲਾਹ ਦੇ ਆਧਾਰ ’ਤੇ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਸਮਾਨ ਨੂੰ ਢੋਆ-ਢੁਆਈ ਵਾਲੇ ਵਾਹਨਾਂ, ਖਾਸ ਕਰਕੇ ਵਪਾਰਕ ਵਾਹਨਾਂ ਦੀ ਚੈਕਿੰਗ ਕੀਤੀ ।

ਪੰਜਾਬ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਰਾਜ ਦੀਆਂ ਚੋਣਵੀਆਂ ਥਾਵਾਂ ’ਤੇ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਵਾਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਜੋ ਆਮ ਲੋਕਾਂ ਲਈ ਬਿਨਾਂ ਕਿਸੇ ਅਸੁਵਿਧਾ ਤੋਂ ਸੁਚਾਰੂ ਢੰਗ ਨਾਲ ਵਾਹਨਾਂ ਦੀ ਜਾਂਚ ਯਕੀਨੀ ਬਣਾਈ ਜਾ ਸਕੇ।

ਬੁਲਾਰੇ ਨੇ ਅੱਗੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਪਾਕਿਸਤਾਨ ਦੀ ਏਜੰਸੀ ਆਈ.ਐਸ.ਆਈ. ਵੱਲੋਂ ਡਰੋਨਾਂ ਰਾਹੀਂ ਅੰਤਰਰਾਸ਼ਟਰੀ ਸਰਹੱਦ ਤੋਂ ਨਸ਼ੀਲੇ ਪਦਾਰਥ, ਹਥਿਆਰ ਅਤੇ ਵਿਸਫੋਟਕਾਂ ਦੀ ਤਸਕਰੀ ਕਰਨ ਅਤੇ ਵਾਹਨਾਂ ਰਾਹੀ ਅੱਗੇ ਪਹੁੰਚਾ ਕੇ ਭਾਰਤ ਨਾਲ ਪ੍ਰੌਕਸੀ ਯੁੱਧ ਛੇੜਨ ਦੇ ਮਨਸੂਬਿਆਂ ਦਾ, ਸਾਹਮਣਾ ਕਰ ਰਿਹਾ ਹੈ। ਦੇਸ਼ ਵਿਰੋਧੀ ਤਾਕਤਾਂ ਨੇ ਭਾਰਤ ਵਿੱਚ ਉਥਲ-ਪੁਥਲ ਫੈਲਾਉਣ ਲਈ ਨਵੇਂ  ਢੰਗ-ਤਰੀਕੇ ਈਜਾਦ ਕਰ ਲਏ ਹਨ ਅਤੇ ਆਪ੍ਰੇਸ਼ਨ ‘ਸਿੰਦੂਰ’ ਤੋਂ ਬਾਅਦ ਉਨ੍ਹਾਂ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ ਆਈ ਹੈ ।

ਪੰਜਾਬ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਸੂਬੇ ਦੀ ਪੁਲਿਸ, ਇਥੋਂ ਦੇ ਨਾਗਰਿਕਾਂ ਅਤੇ ਆਪਣੇ ਫਰਜ਼ਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਭਲੀਭਾਂਤ ਜਾਣਦੀ ਹੈ ਕਿ ਆਮ ਸੁਰੱਖਿਆ ਉਪਾਅ ਇਸ ਤਰੀਕੇ ਨਾਲ ਕੀਤੇ ਜਾਣੇ ਚਾਹੀਦੇ ਹਨ ਜਿਸ ਨਾਲ ਲੋਕਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਵੇ। ਪ੍ਰਾਪਤ ਰਿਪੋਰਟਾਂ ਮੁਤਾਬਿਕ ਰਾਜ ਦੇ ਕਈ ਹਿੱਸਿਆਂ ਵਿੱਚ ਅਖ਼ਬਾਰਾਂ ਲਿਜਾਣ ਵਾਲੇ ਵਾਹਨਾਂ ਦੀ ਜਾਂਚ ਦੇ ਚਲਦਿਆਂ ਅਖ਼ਬਾਰਾਂ ਦੀ ਡਿਲੀਵਰੀ ਵਿੱਚ ਦੇਰੀ ਹੋਈ ਹੈ।

ਪੰਜਾਬ ਪੁਲਿਸ ਵੱਲੋਂ ਪੂਰੀ ਸੁਹਿਰਦਤਾ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਸੁਰੱਖਿਆ ਜਾਂਚ ਦੌਰਾਨ, ਖਾਸ ਕਰਕੇ ਵਾਹਨਾਂ ਦੀ ਚੈਕਿੰਗ ਦੌਰਾਨ ਆਮ ਲੋਕਾਂ ਨੂੰ ਘੱਟੋ-ਘੱਟ ਅਸੁਵਿਧਾ ਹੋਵੇ। ਇਸ ਦੇ ਨਾਲ ਹੀ, ਸੁਰੱਖਿਆ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਪੰਜਾਬ ਵਿੱਚ ਇੱਕ ਸਰਗਰਮ ਅਤੇ ਅੰਦਰੂਨੀ ਸੁਰੱਖਿਆ ਗਰਿੱਡ ਦੀ ਲੋੜ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।