ਵਿਆਹ ਸਮਾਗਮ 'ਚ ਚੱਲੀ ਗੋਲੀ ਨਾਲ ਨੌਜਵਾਨ ਦੀ ਦਰਦਨਾਕ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਆਹ ਸਮਾਗਮ ਵਿਚ ਨੌਜਵਾਨ ਤਬਕੇ ਵਲੋਂ ਫ਼ਾਇਰ ਕਰਨ ਦਾ ਸ਼ੌਂਕ ਅੱਜ ਕੱਲ ਸਿਰ ਚੜ੍ਹ ਕੇ ਬੋਲ ਰਿਹਾ ਹੈ

Firing at Marriage

ਕੋਟ ਈਸੇ ਖਾਂ, 1 ਦਸੰਬਰ (ਬਖਸ਼ੀ) : ਵਿਆਹ ਸਮਾਗਮ ਵਿਚ ਨੌਜਵਾਨ ਤਬਕੇ ਵਲੋਂ ਫ਼ਾਇਰ ਕਰਨ ਦਾ ਸ਼ੌਂਕ ਅੱਜ ਕੱਲ ਸਿਰ ਚੜ੍ਹ ਕੇ ਬੋਲ ਰਿਹਾ ਹੈ ਜਿਹੜਾ ਕਿ ਅਨੇਕਾਂ ਬੇਵਕਤੀ ਅਜਾਈ ਮੌਤਾਂ ਦਾ ਕਾਰਨ ਬਣ ਰਿਹਾ ਹੈ। ਅਜਿਹੀ ਹੀ ਘਟਨਾ ਕੋਟ ਈਸੇ ਖਾਂ ਦੇ ਲਾਗਲੇ ਪਿੰਡ ਮਸਤੇਵਾਲ ਵਿਚ ਵਾਪਰੀ ਜਿਸ ਨਾਲ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਵੇਰਵਿਆਂ ਅਨੁਸਾਰ ਬੀਤੀ ਰਾਤ ਪਿੰਡ ਮਸਤੋਵਾਲ ਵਿਖੇ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਜਿਸ ਵਿਚ ਚੱਲ ਰਹੇ ਡੀ.ਜੇ.ਦੇ ਨਾਲ ਕੁੱਝ ਨੌਜਵਾਨ ਭੰਗੜਾ ਪਾ ਰਹੇ ਸਨ ਅਤੇ ਹਵਾਈ ਫ਼ਾਇਰ ਕਰਨ ਦਾ ਲੁਤਫ਼ ਲੈ ਰਹੇ ਸਨ। ਇਸੇ ਦਰਮਿਆਨ ਉਨ੍ਹਾਂ ਦਾ ਝਗੜਾ ਡੀ.ਜੇ. ਵਾਲਿਆਂ ਨਾਲ ਕਿਸੇ ਗੱਲੋਂ ਹੋ ਗਿਆ। ਇਸ ਸੰਬੰਧੀ ਸਥਾਨਕ ਸ਼ਹਿਰ ਦੇ ਐਸ.ਐਚ.ਓ. ਅਮਰਜੀਤ ਸਿੰਘ ਨੇ ਬਿਆਨ ਜਾਰੀ ਕਰਦਿਆਂ ਦਸਿਆ ਕਿ ਭੰਗੜਾ ਪਾਉਣ ਵਾਲਿਆਂ ਦਾ ਝਗੜਾ ਡੀ.ਜੇ. ਵਾਲਿਆਂ ਨੇ ਇਸ ਕਰਕੇ ਹੋਇਆ ਕਿ ਉਹ 10 ਵਜੇ ਤੋਂ ਬਾਅਦ ਡੀ.ਜੇ.ਲਾਉਣ ਤੋਂ ਇਨਕਾਰ ਕਰ ਰਹੇ ਸਨ ਅਤੇ ਇਸੇ ਦੌਰਾਨ ਇਕ ਸਖ਼ਸ਼ ਵਲੋਂ ਚਲਾਈ ਗੋਲੀ ਜਾ ਕੇ ਕਰਨ ਸਿੰਘ (15) (ਗੋਰਾ) ਜੋ ਕਿ ਕੋਟ ਈਸੇ ਖਾਂ ਦੀ ਚੀਮਾ ਰੋਡ ਦਾ ਵਸਨੀਕ ਸੀ ਦੇ ਜਾ ਲੱਗੀ।

ਜਿਹੜਾ ਕਿ ਮੌਕੇ 'ਤੇ ਡਿੱਗ ਗਿਆ। ਭਲੇ ਹੀ ਉਸਨੂੰ ਤੁਰਤ ਇਥੋਂ ਦੇ ਇਕ ਹਸਪਤਾਲ ਵਿਚ ਲਿਆਂਦਾ ਗਿਆ ਪ੍ਰੰਤੂ ਉਸਨੂੰ ਬਚਾਇਆ ਨਹੀਂ ਜਾ ਸਕਿਆ।
ਇਸ ਘਟਨਾ ਸਬੰਧੀ ਪੁਲਿਸ ਵਿਭਾਗ ਵਲੋਂ ਪਰਚਾ ਦਰਜ ਕਰਕੇ ਅਗੇਰਲੀ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰ ਮਹਿੰਦਰ ਸਿੰਘ ਨੇ ਗਿਲਾ ਜਾਹਰ ਕਰਦਿਆਂ ਕਿਹਾ ਕਿ ਜਦੋ ਉਹ ਸਿਵਲ ਹਸਪਤਾਲ ਵਿਖੇ ਪਹੁੰਚੇ ਤਾਂ ਉਥੇ ਰਾਤ ਨੂੰ ਕੋਈ ਵੀ ਡਾਕਟਰ ਡਿਊਟੀ 'ਤੇ ਨਹੀਂ ਸੀ।