ਸ਼ਬਦ ਗੁਰੂ ਨਾਲ ਜੁੜਨਾ ਗੁਰੂ ਨਾਨਕ ਸਾਹਿਬ ਦਾ ਸੱਭ ਤੋਂ ਵੱਡਾ ਸੁਨੇਹਾ : ਤ੍ਰਿਪਤ ਬਾਜਵਾ

ਏਜੰਸੀ

ਖ਼ਬਰਾਂ, ਪੰਜਾਬ

ਸ਼ਬਦ ਗੁਰੂ ਨਾਲ ਜੁੜਨਾ ਗੁਰੂ ਨਾਨਕ ਸਾਹਿਬ ਦਾ ਸੱਭ ਤੋਂ ਵੱਡਾ ਸੁਨੇਹਾ : ਤ੍ਰਿਪਤ ਬਾਜਵਾ

image

ਪਟਿਆਲਾ, 1 ਦਸੰਬਰ (ਤੇਜਿੰਦਰ ਫ਼ਤਿਹਪੁਰ) : ਪੰਜਾਬ ਦੇ ਉਚੇਰੀ ਸਿਖਿਆ ਅਤੇ ਭਾਸ਼ਾਵਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਸਿੱਖਾਂ ਨੂੰ 'ਸ਼ਬਦ ਗੁਰੂ' ਨਾਲ ਜੁੜਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ਦਾ ਸੱਭ ਤੋਂ ਵੱਡਾ ਸੁਨੇਹਾ ਗੁਰੂ ਸਾਹਿਬ ਵਲੋਂ ਦਿਤੇ ਇਸ ਵਿਲੱਖਣ ਸਿਧਾਂਤ ਨਾਲ ਜੁੜਣ ਦਾ ਹੈ। ਉਨ੍ਹਾਂ ਸਿੱਖ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਰਵਾਇਤੀ (ਭੋਜਨ ਪਦਾਰਥਾਂ ਦਾ) ਲੰਗਰ ਲਾਉਣ ਦੇ ਨਾਲ ਨਾਲ 'ਗੁਰ ਸ਼ਬਦ' ਦਾ ਲੰਗਰ ਵੀ ਲਾਉਣ।
ਕੈਬਨਿਟ ਮੰਤਰੀ ਸ. ਬਾਜਵਾ ਅੱਜ ਇਥੇ ਗੁਰਮਤਿ ਕਾਲਜ, ਡੇਰਾ ਬਾਬਾ ਜੱਸਾ ਸਿੰਘ ਵਿਖੇ ਗੁਰੂ ਨਾਨਕ ਫ਼ਾਊਂਡੇਸ਼ਨ ਨਵੀਂ ਦਿੱਲੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ 6 ਪੁਸਤਕਾਂ ਨੂੰ ਸੰਗਤ ਅਰਪਣ ਕਰਨ ਦੇ ਸਮਾਰੋਹ ਵਿਚ ਸ਼ਿਰਕਤ ਕਰਨ ਪੁੱਜੇ ਹੋਏ ਸਨ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਪਸ਼ੂ ਪਾਲਣ ਮੰਤਰੀ ਸ. ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਰਾਜ ਹੱਠ ਦਾ ਤਿਆਗ਼ ਕੇ ਕਿਸਾਨਾਂ ਦੀਆਂ ਮੰਗਾਂ ਤੁਰਤ ਮੰਨਣੀਆਂ ਚਾਹੀਦੀਆਂ ਹਨ। ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਹਰ ਹਾਲ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਮੁੱਚੀਆਂ ਕਿਸਾਨ ਜਥੇਬੰਦੀਆਂ ਇਕਜੁਟਤਾ ਦਾ ਪ੍ਰਗਟਾਵਾ ਕਰਦੀਆਂ ਹੋਈਆਂ ਆਪਣੇ ਸੰਘਰਸ਼ 'ਚ ਜੇਤੂ ਰਹਿਣਗੀਆਂ। ਇਸ ਤੋਂ ਪਹਿਲਾਂ ਆਪਣੇ ਸੰਬੋਧਨ 'ਚ ਸ. ਬਾਜਵਾ ਨੇ ਕਿਹਾ ਕਿ ਪੰੰਜਾਬ ਸਰਕਾਰ ਗੁਰਮਤਿ ਕਾਲਜ ਪਟਿਆਲਾ ਲਈ ਜੋ ਕੁਝ ਵੀ ਸੰਭਵ ਹੋ ਸਕੇਗਾ ਬਣਦੀ ਸਹਾਇਤਾ ਜ਼ਰੂਰ ਕਰੇਗੀ ਪਰੰਤੂ ਇਸ ਕਾਲਜ ਵਲੋਂ ਚਲਾਏ ਜਾ ਰਹੇ ਸ਼ਬਦ ਗੁਰੂ ਦੇ ਲੰਗਰ ਵਿਚ ਸੰਗਤ ਨੂੰ ਵੀ ਅਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਨੌਜਵਾਨਾਂ ਵਲੋਂ ਸੋਸ਼ਲ ਮੀਡੀਆ ਤੋਂ ਫ਼ੀਡ ਲੈ ਕੇ ਭੁਲੇਖਾ ਪਾਊ ਤੇ ਰਲਗਡ ਜਾਣਕਾਰੀ ਹਾਸਲ ਕਰ ਕੇ ਬੌਧਿਕ ਕੰਗਾਲੀ ਵਲ ਵਧਣ 'ਤੇ ਚਿੰਤਾ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ ਕਿ ਗੁਰਬਾਣੀ ਤੋਂ ਦੂਰ ਜਾਣ ਕਰ ਕੇ ਸਾਡੇ ਜੀਵਨ ਵਿਚੋਂ ਅੱਜ ਸੁਹਜ, ਨੈਤਿਕ ਕਦਰਾਂ ਕੀਮਤਾਂ ਅਤੇ ਸੁਖਦ ਅਹਿਸਾਸ ਘਟਦਾ ਜਾ ਰਿਹਾ ਹੈ।
ਸਮਾਰੋਹ ਦੌਰਾਨ ਗੁਰੂ ਨਾਨਕ ਫ਼ਾਊਂਡੇਸ਼ਨ ਦੇ ਡਾਇਰੈਕਟਰ ਸ. ਪ੍ਰਤਾਪ ਸਿੰਘ, ਸ. ਬਾਜਵਾ ਦੇ ਓ.ਐਸ.ਡੀ. ਗੁਰਦਰਸ਼ਨ ਸਿੰਘ ਬਾਹੀਆ, ਪੀ.ਐਸ.ਪੀ.ਸੀ.ਐਲ. ਦੇ ਸਾਬਕਾ ਸੀਐਮਡੀ ਇੰਜ. ਬਲਦੇਵ ਸਿੰਘ ਸਰਾਂ ਆਦਿ ਹਾਜ਼ਰ ਸਨ।
ਫੋਟੋ ਨੰ : 1 ਪੀਏਟੀ 6