ਪੰਜਾਬ ਭਰ ਦੇ ਕਲਾਕਾਰਾਂ, ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਭਰ ਦੇ ਕਲਾਕਾਰਾਂ, ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ

image

ਕੋਟਕਪੂਰਾ, 1 ਦਸੰਬਰ (ਗੁਰਮੀਤ ਸਿੰਘ ਮੀਤਾ) : ਪੰਜਾਬ ਭਰ ਦੇ ਕਲਾਕਾਰਾਂ-ਸਾਹਿਤਕਾਰਾਂ-ਬੁੱਧੀਜੀਵੀਆਂ ਨੇ ਰਲ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਿਰਤੀ ਕਿਸਾਨਾ ਦੇ ਸੰਘਰਸ਼ ਦੇ ਸਮਰਥਨ ਦਾ ਐਲਾਨ ਕਰਦਿਆਂ ਆਖਿਆ ਕਿ ਦੁਨੀਆਂ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਆਪਣੇ ਹੀ ਦੇਸ਼ ਦੇ ਗੁਆਂਢੀ ਸੂਬੇ ਵਲੋਂ ਅਣਐਲਾਨੀ ਪਾਬੰਦੀ ਲਾ ਕੇ ਕਿਸਾਨਾ ਨਾਲ ਦੁਸ਼ਮਣ ਦੇਸ਼ਾਂ ਵਰਗਾ ਵਰਤਾਉ ਕੀਤਾ ਹੋਵੇ।
    ਸਥਾਨਕ ਫੇਰੂਮਾਨ ਚੋਂਕ 'ਚ ਕੈਂਡਲ ਮਾਰਚ ਦੀ ਸ਼ੁਰੂਆਤ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਗਮੰਚ ਕਲਾਕਾਰ ਰੰਗ ਹਰਜਿੰਦਰ ਸਿੰਘ, ਸੰਦੀਪ ਥਾਪਰ, ਵਰਿੰਦਰ ਕਟਾਰੀਆ, ਪ੍ਰੀਤ ਭਗਵਾਨ ਸਿੰਘ, ਜੱਸ ਬਰਾੜ, ਦਰਸ਼ਨਜੀਤ ਆਦਿ ਨੇ ਆਖਿਆ ਕਿ ਕੋਟਕਪੂਰੇ ਇਲਾਕੇ ਦੇ ਸਮੂਹ ਕਲਾਕਾਰ, ਸਾਹਿਤਕਾਰ ਅਤੇ ਬੁੱਧੀਜੀਵੀ ਵਰਗ ਵਲੋਂ ਅੱਜ ਸ਼ਾਂਤਮਈ ਕੈਂਡਲ ਮਾਰਚ ਕੱਢ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਸੰਕੇਤ ਦੇਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਇਨ੍ਹਾਂ ਜਗਦੀਆਂ ਮੋਮਬੱਤੀਆਂ ਨੂੰ ਮਸ਼ਾਲਾਂ ਸਮਝਣ। ਕਿਉਂਕਿ ਉਕਤ ਮੋਮਬੱਤੀਆਂ ਨੇ ਮਸ਼ਾਲਾਂ ਬਣਦਿਆਂ ਦੇਰ ਨਹੀਂ ਲਾਉਣੀ।
   ਉਨ੍ਹਾਂ ਦਸਿਆ ਕਿ ਪੰਜਾਬ ਦੀ ਹੌਂਦ ਬਚਾਉਣ ਲਈ ਦਿੱਲੀ ਡੇਰਾ ਲਾਈ ਬੈਠੇ ਕਿਸਾਨਾ ਦੇ ਮਗਰ ਪਰਿਵਾਰਾਂ ਅਤੇ ਖੇਤਾਂ ਦੀ ਸਾਂਭ-ਸੰਭਾਲ ਲਈ ਵੀ ਬਕਾਇਦਾ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਜੋ ਉਹ ਆਪਣੇ ਪਰਿਵਾਰ ਜਾਂ ਖੇਤਾਂ ਦੀ ਬਹੁਤੀ ਚਿੰਤਾ ਨਾ ਕਰਨ। ਉਨਾਂ ਹਰਿਆਣੇ ਦੀ ਖੱਟਰ ਸਰਕਾਰ ਵਲੋਂ ਦਿੱਲੀ ਵਿਖੇ ਸ਼ਾਂਤਮਈ ਧਰਨਾ ਦੇਣ ਜਾ ਰਹੇ ਕਿਸਾਨਾ ਲਈ ਥਾਂ-ਥਾਂ ਪੱਥਰ, ਬੈਰੀਕੇਡ, ਡੂੰਘੇ-ਡੂੰਘੇ ਖੱਡੇ ਪੁੱਟਣ ਦੇ ਨਾਲ-ਨਾਲ ਕੜਾਕੇ ਦੀ ਸਰਦੀ ਦੇ ਬਾਵਜੂਦ ਠੰਢੇ ਪਾਣੀ ਦੀਆਂ ਵਾਛੜਾਂ ਅਤੇ ਅੱਥਰੂ ਗੈਸ ਦੇ ਗੋਲੇ ਛੱਡਣ ਵਾਲੀਆਂ ਸ਼ਰਮਨਾਕ ਹਰਕਤਾਂ ਦੀ ਘੌਰ ਨਿੰਦਾ ਕਰਦਿਆਂ ਆਖਿਆ ਕਿ ਉਕਤ ਵਰਤਾਰਾ ਨਿੰਦਣਯੋਗ ਹੀ ਨਹੀਂ ਬਲਕਿ ਹਾਕਮਾ ਲਈ ਸ਼ਰਮਨਾਕ ਮੰਨਿਆ ਜਾ ਰਿਹਾ ਹੈ। ਉਕਤ ਕੈਂਡਲ ਮਾਰਚ ਫੇਰੂਮਾਨ ਚੋਂਕ ਤੋਂ ਸ਼ੁਰੂ ਹੋ ਕੇ ਬੱਤੀਆਂ ਵਾਲਾ ਚੋਂਕ ਕੋਟਕਪੂਰਾ ਵਿਖੇ ਸਮਾਪਤ ਹੋਇਆ।
ਫੋਟੋ :- ਕੇ.ਕੇ.ਪੀ.-ਗੁਰਿੰਦਰ-1-6ਐੱਫ