ਦਸਤਾਰਧਾਰੀ ਸੰਦੀਪ ਕੌਰ ਡਰਾਈਵਰੀ ਕਰ ਕੇ ਵਧਾ ਰਹੀ ਹੈ ਔਰਤਾਂ ਦੇ ਹੌਂਸਲੇ
ਦਸਤਾਰਧਾਰੀ ਸੰਦੀਪ ਕੌਰ ਡਰਾਈਵਰੀ ਕਰ ਕੇ ਵਧਾ ਰਹੀ ਹੈ ਔਰਤਾਂ ਦੇ ਹੌਂਸਲੇ
ਪਰਥ, 1 ਦਸੰਬਰ (ਪਿਆਰਾ ਸਿੰਘ ਨਾਭਾ) : ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਨਿਵਾਸੀ ਦਸਤਾਰਧਾਰੀ ਪੰਜਾਬਣ ਲੜਕੀ ਸੰਦੀਪ ਕੌਰ ਪਿਛਲੇ ਚਾਰ ਸਾਲਾਂ ਤੋਂ ਟਰੱਕ ਚਲਾ ਰਹੀ ਹੈ। ਪਹਿਲੇ ਤਿੰਨ ਸਾਲ ਛੋਟੇ ਟਰੱਕ ਉੱਤੇ ਤਜ਼ੁਰਬਾ ਲੈਣ ਪਿਛੋਂ ਸਾਲ ਪਹਿਲਾਂ ਹੀ ਵੱਡੇ ਬੀ-ਡਬਲ ਟਰੱਕ ਨੂੰ ਚਲਾਉਣਾ ਸ਼ੁਰੂ ਕੀਤਾ। ਕੰਮ ਦੇ ਸਿਲਸਿਲੇ ਵਿਚ ਉਹ ਲੰਮੇ ਅੰਤਰਰਾਜੀ ਰੂਟਾਂ, ਬ੍ਰਿਸਬੇਨ ਤੋਂ ਸਿਡਨੀ, ਮੈਲਬੌਰਨ ਅਤੇ ਐਡੀਲੇਡ ਵਰਗੇ ਹੋਰ ਵੀ ਵੱਡੇ ਸ਼ਹਿਰਾਂ ਵਿਚ ਜਾਂਦੀ ਰਹਿੰਦੀ ਹੈ।
ਐਸਬੀਐਸ ਪੰਜਾਬੀ ਨਾਲ ਇਕ ਇੰਟਰਵਿਊ ਵਿਚ ਉਸਨੇ ਇਕ ਟਰੱਕ-ਚਾਲਕ ਦੇ ਰੂਪ ਵਿਚ ਆਉਂਦੀਆਂ ਚੁਣੌਤੀਆਂ ਬਾਰੇ ਗੱਲ ਕੀਤੀ ਅਤੇ ਦਸਿਆ ਕਿ ਇਹ ਕਾਫ਼ੀ ਦਿਲਚਸਪ ਕੰਮ ਹੈ, ਇਹ ਐਨਾ ਮੁਸ਼ਕਲ ਵੀ ਨਹੀਂ ਹੈ ਜਿੰਨਾ ਮੈਂ ਸੋਚਿਆ ਸੀ। ਚੰਗੀ ਗੱਲ ਇਹ ਹੈ ਕਿ ਤੁਸੀਂ ਅਪਣੇ ਖ਼ੁਦ ਦੇ ਬੌਸ ਹੁੰਦੇ ਹੋ। ਤੁਹਾਡਾ ਔਰਤ ਹੋਣਾ ਇਥੇ ਕੋਈ ਮਾਇਨੇ ਨਹੀਂ ਰੱਖਦਾ, ਸਿਰਫ ਦਿਤੇ ਹੋਏ ਕੰਮ ਦੇ ਮਾਇਨੇ ਹਨ ਜੋ ਤੁਸੀਂ ਪੂਰਾ ਕਰਨਾ ਹੈ।
ਸੰਦੀਪ ਨੂੰ ਟਰੱਕਿੰਗ ਸਨਅਤ ਵਿਚ ਅਪਣਾ ਰਾਹ ਸਿੱਧਾ ਕਰਨ ਲਈ ਕੁੱਝ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪਿਆ। ਜੇ ਤੁਸੀਂ ਇਕ ਔਰਤ ਹੋ ਅਤੇ ਟਰੱਕ ਡਰਾਈਵਰ ਦੇ ਕੰਮ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਥੋੜ੍ਹੀ ਹਿੰਮਤ ਅਤੇ ਸਵੈ-ਵਿਸ਼ਵਾਸ ਦੀ ਜ਼ਰੂਰਤ ਹੋਵੇਗੀ। ਲੰਮੇ ਸਮੇਂ ਲਈ ਘਰੋਂ ਬਾਹਰ ਰਹਿਣਾ, ਦੇਰ ਰਾਤ ਲੰਮਿਆਂ ਰੂਟਾਂ ਉਤੇ ਟਰੱਕ ਚਲਾਉਣਾ, ਇਹ ਇਕ ਚੁਣੌਤੀ ਵਾਲਾ ਕੰਮ ਹੋ ਸਕਦਾ ਹੈ ਜੋ ਹਰ ਕਿਸੇ ਦੇ ਸੁਭਾਅ ਤੇ ਲੋੜਾਂ ਨੂੰ ਫਿੱਟ ਨਹੀਂ ਬੈਠਦਾ।
ਸੰਦੀਪ ਦਸਦੀ ਹੈ ਕਿ ਉਸ ਲਈ ਇਹ ਨੌਕਰੀ ਇਕ ਵਧੀਆ ਅਤੇ ਲਾਭਕਾਰੀ ਤਜ਼ਰਬਾ ਸਾਬਤ ਹੋਈ ਹੈ। ਜੋ ਮੇਰੀਆਂ ਆਰਥਕ ਲੋੜਾਂ ਨੂੰ ਪੂਰਿਆਂ ਕਰਦੀ ਹੈ। ਜੋ ਨੌਕਰੀ ਮੈਂ ਪਹਿਲਾਂ ਕਰਦੀ ਸੀ ਉਸ ਨਾਲੋਂ 2-3 ਗੁਣਾ ਵੱਧ ਤਨਖ਼ਾਹ ਹੈ। ਸੰਦੀਪ ਸਾਲ 2013 ਵਿਚ ਭਾਰਤ ਤੋਂ ਇਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਈ ਸੀ। ਪੰਜਾਬ ਦੇ ਇਕ ਛੋਟੇ ਜਿਹੇ ਕਸਬੇ ਗੁਰਾਇਆ ਦੀ ਰਹਿਣ ਵਾਲੀ, ਛੋਟੀ ਉਮਰੇ ਪਿਤਾ ਦੀ ਮੌਤ ਪਿਛੋਂ ਵਿੱਤੀ ਰੁਕਾਵਟਾਂ ਦੇ ਬਾਵਜੂਦ ਉਸਦੀ ਮਾਂ ਨੇ ਹੌਂਸਲੇ ਨਾਲ ਉਸਦਾ ਪਾਲਣ-ਪੋਸ਼ਣ ਕੀਤਾ।