ਹਥਿਆਰਾਂ ਦੀ ਪ੍ਰਦਰਸ਼ਨੀ ਕਰਨ 'ਤੇ ਗਾਇਕ ਸੁਖਮਨ ਹੀਰ ਖ਼ਿਲਾਫ਼ ਮਾਮਲਾ ਦਰਜ
ਸ੍ਰੀ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਕੀਤੀ ਕਾਰਵਾਈ
Punjab News
ਫ਼ਤਹਿਗੜ੍ਹ ਸਾਹਿਬ: ਸੋਸ਼ਲ ਮੀਡੀਆ ਹੋਵੇ ਜਾਂ ਫਿਰ ਗੀਤ, ਹਥਿਆਰਾਂ ਦੀ ਪ੍ਰਦਰਸ਼ਨੀ ਕਰਨ 'ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਬਾਵਜੂਦ ਵੀ ਕਈ ਅਜਿਹੇ ਹਨ ਜੋ ਪ੍ਰਸ਼ਾਸਨ ਦੀ ਹੁਕਮਅਦੂਲੀ ਕਰ ਰਹੇ ਹਨ। ਅਜਿਹਾ ਹੀ ਮਾਮਲਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ ਜਿਥੇ ਥਾਣਾ ਖੇੜੀ ਨੌਧ ਸਿੰਘ ਪੁਲਿਸ ਨੇ ਗਾਇਕ ਸੁਖਮਨ ਹੀਰ ਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਯੂਟਿਊਬ 'ਤੇ ਸਵੈਚਰ ਮਿਊਜ਼ਿਕ ਚੈਨਲ 'ਤੇ ਗਾਇਕ ਸੁਖਮਨ ਹੀਰ ਸਮੇਤ ਜੈਸਮੀਨ ਅਖ਼ਤਰ ਅਤੇ 6-7 ਨਾਮਾਲੂਮ ਵਿਅਕਤੀਆਂ ਵਲੋਂ ਗੀਤ ਵਿੱਚ ਅਸਲਾ/ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਜਿਸ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਸੁਖਮਨ ਹੀਰ ਵਾਸੀ ਭੜੀ, ਜੈਸਮੀਨ ਅਖ਼ਤਰ ਸਮੇਤ 6-7 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।