ਮੁਹਾਲੀ ਦੇ ਏਅਰਪੋਰਟ ਰੋਡ 'ਤੇ ਸਭ ਤੋਂ ਜ਼ਿਆਦਾ ਟ੍ਰੈਫਿਕ, ਪਿਛਲੇ 5 ਸਾਲਾਂ 'ਚ 1000 ਤੋ 20,000 ਹੋਈ ਵਾਹਨਾਂ ਦੀ ਗਿਣਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੜਕ ਨੂੰ ਜਾਮ ਮੁਕਤ ਕਰਨ ਲਈ ਅਧਿਕਾਰੀਆਂ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ

Airport Road Mohali

 

ਮੁਹਾਲੀ: ਸੜਕ, ਟਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ ਦੇ ਅਧਿਐਨ ਅਨੁਸਾਰ ਜ਼ਿਲ੍ਹੇ ਦੇ ਸਭ ਤੋਂ ਵਿਅਸਤ ਖੇਤਰਾਂ ਵਿੱਚੋਂ ਇੱਕ ਏਅਰਪੋਰਟ ਰੋਡ ਜਿਥੋਂ ਲੰਘਣ ਵਾਲੇ ਵਾਹਨਾਂ ਦੀ ਗਿਣਤੀ  ਪਿਛਲੇ ਪੰਜ ਸਾਲਾਂ ਵਿੱਚ 1,000 ਤੋਂ ਵੱਧ ਕੇ 20,000 ਹੋ ਗਈ ਹੈ। ਮੰਤਰਾਲੇ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੀਕ ਘੰਟਿਆਂ ਵਿੱਚ ਹਰੇਕ ਰਾਜ ਵਿੱਚ ਪ੍ਰਮੁੱਖ ਸੜਕਾਂ 'ਤੇ ਆਵਾਜਾਈ ਦੀ ਮਾਤਰਾ ਦਾ ਅਧਿਐਨ ਕਰਨ ਲਈ ਇੱਕ ਕੰਪਨੀ ਦੁਆਰਾ ਇੱਕ ਸਰਵੇਖਣ ਕਰਵਾਇਆ ਗਿਆ ਸੀ। ਏਅਰਪੋਰਟ ਰੋਡ ਲਈ ਸਵੇਰੇ 9 ਵਜੇ ਤੋਂ 11 ਵਜੇ ਅਤੇ ਸ਼ਾਮ 4 ਵਜੇ ਤੋਂ ਸ਼ਾਮ 7 ਵਜੇ ਤੱਕ ਦਾ ਸਮਾਂ ਚੁਣਿਆ ਗਿਆ ਸੀ, ਇਸ ਸਮੇਂ ਆਵਾਜਾਈ ਸਭ ਤੋਂ ਵੱਧ ਪਾਈ ਗਈ।

ਸੜਕ ਨੂੰ ਜਾਮ ਮੁਕਤ ਕਰਨ ਲਈ ਅਧਿਕਾਰੀਆਂ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਅਮਿਤ ਤਲਵਾਰ ਨੇ ਕਿਹਾ, "ਸਾਡੇ ਕੋਲ ਬਹੁਤ ਸਾਰੀਆਂ ਯੋਜਨਾਵਾਂ ਹਨ। ਅਸੀਂ ਸੜਕ ਸੁਰੱਖਿਆ ਮਾਹਿਰਾਂ ਤੋਂ ਵੀ ਸਹਾਇਤਾ ਲੈ ਰਹੇ ਹਾਂ।" ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਇਸ ਸਬੰਧੀ ਸਰਵੇਖਣ ਕਰਕੇ ਸਿਫ਼ਾਰਸ਼ਾਂ ਪੇਸ਼ ਕਰਨਗੇ। ਡੀਸੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਏਅਰਪੋਰਟ ਰੋਡ ’ਤੇ ਟਰੈਫਿਕ ਲਾਈਟਾਂ ਨੂੰ ਸਮਕਾਲੀ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਕਿਸੇ ਵੀ ਲਾਈਟ ਪੁਆਇੰਟ ’ਤੇ ਟਰੈਫਿਕ ਨੂੰ ਜ਼ਿਆਦਾ ਦੇਰ ਰੁਕਣਾ ਨਾ ਪਵੇ।

ਹਾਲ ਹੀ ਵਿੱਚ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ), ਨਗਰ ਨਿਗਮ, ਖੇਤਰੀ ਟਰਾਂਸਪੋਰਟ ਅਥਾਰਟੀ, ਪੁਲਿਸ ਅਤੇ ਸੜਕ ਸੁਰੱਖਿਆ ਇੰਜਨੀਅਰਾਂ ਨਾਲ ਵਧ ਰਹੀ ਟਰੈਫਿਕ ਸਮੱਸਿਆ ਦੇ ਹੱਲ ਅਤੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਲਾਈਟ ਪੁਆਇੰਟਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ। ਡੀਸੀ ਨੇ ਕਿਹਾ ਕਿ ਗਮਾਡਾ ਪੰਜਾਬ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਦੀ ਮਦਦ ਨਾਲ ਇੱਕ ਪ੍ਰਸਤਾਵ ਤਿਆਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਗਲੇ ਸਾਲ ਮਾਰਚ ਦੇ ਅੰਤ ਤੱਕ ਚੌਕ ਦਾ ਨਿਰਮਾਣ ਕਰਨ ਦੀ ਯੋਜਨਾ ਬਣਾ ਰਹੀ ਹੈ।