ਲੁਧਿਆਣਾ ਬੰਬ ਬਲਾਸਟ ਮਾਮਲਾ : NIA ਨੇ ਮੁੱਖ ਸਾਜ਼ਿਸ਼ਘਾੜੇ ਹਰਪ੍ਰੀਤ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਧਮਾਕੇ ਵਿਚ ਇੱਕ ਦੀ ਮੌਤ ਤੇ ਅੱਧਾ ਦਰਜਨ ਦੇ ਕਰੀਬ ਲੋਕ ਹੋਏ ਸਨ ਜ਼ਖਮੀ
ਲੁਧਿਆਣਾ: ਦਸੰਬਰ 2021 ਨੂੰ ਲੁਧਿਆਣਾ ਅਦਾਲਤ ‘ਚ ਬੰਬ ਬਲਾਸਟ ਕਰ ਕੇ ਫਰਾਰ ਹੋਏ ਮੋਸਟ ਵਾਂਟੇਡ ਹਰਪ੍ਰੀਤ ਸਿੰਘ ਉਰਫ ਹੈਪੀ ਮਲੇਸ਼ੀਆ ਨੂੰ ਇਸ ਸ਼ੁਕਰਵਾਰ ਐਨ.ਆਈ.ਏ ਨੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਧਮਾਕੇ ਵਿੱਚ ਪੰਜਾਬ ਪੁਲਿਸ ਦਾ ਬਰਖ਼ਾਸਤ ਮੁਲਾਜ਼ਮ ਗਗਨਦੀਪ ਸਿੰਘ ਮਾਰਿਆ ਗਿਆ ਸੀ ਅਤੇ ਇਸ ਦੇ ਨਾਲ 6 ਹੋਰ ਲੋਕ ਜ਼ਖ਼ਮੀ ਹੋਏ ਸੀ।
ਜ਼ਿਕਰਯੋਗ ਹੈ ਕਿ ਹਰਪ੍ਰੀਤ ਸਿੰਘ ਲੁਧਿਆਣਾ ਅਦਾਲਤ ਬੰਬ ਬਲਾਸਟ ਕੇਸ ਦਾ ਮੁੱਖ ਸਾਜ਼ਿਸ਼ਕਰਤਾ ਹੈ। ਇਹ ਮਾਮਲਾ 23 ਦਸੰਬਰ ਨੂੰ ਜ਼ਿਲ੍ਹਾ ਲੁਧਿਆਣਾ ਕਮਿਸ਼ਨਰੇਟ ਦੇ ਥਾਣਾ ਡਵੀਜ਼ਨ 'ਚ ਦਰਜ ਕੀਤਾ ਗਿਆ ਸੀ ਪਰ ਇਸ ਦੇ ਨਾਲ ਹੀ ਐਨਆਈਏ ਵਲੋਂ 13 ਜਨਵਰੀ ਨੂੰ ਕੇਸ ਦੁਬਾਰਾ ਦਰਜ ਕੀਤਾ ਗੀਆ ਸੀ। ਐੱਨ.ਆਈ.ਏ. ਦੇ ਬੁਲਾਰੇ ਨੇ ਦੱਸਿਆ ਕਿ ਹਰਪ੍ਰੀਤ ਸਿੰਘ ‘ਤੇ 10 ਲੱਖ ਦਾ ਇਨਾਮ ਰੱਖਿਆ ਗਿਆ ਸੀ।
ਇਸ ਦੀ ਜਾਂਚ ਵਿਚ ਪਤਾ ਲੱਗਾ ਕਿ ਹਰਪ੍ਰੀਤ ਸਿੰਘ ਦੇ ਨਾਲ ਪਾਕਿਸਤਾਨ ਸਥਿਤ ਸੰਗਠਨ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ (ਆਈ. ਐੱਸ. ਵਾਈ. ਐੱਫ.) ਦੇ ਮੁਖੀ ਲਖਬੀਰ ਸਿੰਘ ਰੋਡੇ ਵੀ ਇਸ ਹਾਦਸੇ ਵਿਚ ਸ਼ਾਮਲ ਸੀ। ਰੋਡੇ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਹੈਪੀ ਨੇ ਕਸਟਮ-ਮੇਡ ਆਈ.ਈ.ਡੀ. ਭੇਜੀ ਸੀ। ਇਸ ਤੋਂ ਇਲਾਵਾ ਐੱਨ.ਆਈ.ਏ. ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਵਿਸਫੋਟਕਾਂ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਮਾਮਲਿਆਂ ਵਿੱਚ ਵੀ ਸ਼ਾਮਲ ਸੀ।