ਜਗਮੀਤ ਬਰਾੜ ਵੱਲੋਂ ਬਣਾਈ ਕਮੇਟੀ 'ਚ ਆਪਣਾ ਨਾਂ ਸ਼ਾਮਲ ਕਰਨ 'ਤੇ ਰਵੀ ਕਰਨ ਸਿੰਘ ਕਾਹਲੋਂ ਨੇ ਚੁੱਕੇ ਸਵਾਲ
'ਸਾਨੂੰ ਕਿਉਂ ਕੀਤਾ ਗਿਆ ਸ਼ਾਮਲ'?
ਚੰਡੀਗੜ੍ਹ: ਅਕਾਲੀ ਦਲ ਦੀ ਕੋਰ ਕਮੇਟੀ ਤੋਂ ਬਾਹਰ ਕੀਤੇ ਜਾਣ ਤੋਂ ਇਕ ਦਿਨ ਬਾਅਦ ਪਾਰਟੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਵੀਰਵਾਰ 10 ਅਕਤੂਬਰ ਨੂੰ 21 ਮੈਂਬਰੀ ‘ਅਕਾਲੀ ਦਲ ਏਕਤਾ ਤਾਲਮੇਲ ਕਮੇਟੀ’ ਦਾ ਵਿਸਤਾਰ ਕਰਦਿਆਂ 12 ਹੋਰ ਮੈਂਬਰਾਂ ਨੂੰ ਸ਼ਾਮਲ ਕੀਤਾ, ਜਿਨ੍ਹਾਂ ਵਿੱਚ ਅਕਾਲੀ ਦਲ ਤੋਂ ਕੱਢੇ ਗਏ ਬੀਬੀ ਜਗੀਰ ਕੌਰ ਵੀ ਸ਼ਾਮਲ ਹਨ।
ਪਾਰਟੀ ਦਾ ਮੈਂਬਰ ਬਣਾਏ ਜਾਣ ਤੋਂ ਬਾਅਦ ਕਈ ਅਕਾਲੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਦੱਸੇ ਹੀ ਬਣਾਈ ਗਈ ਕਮੇਟੀ ਵਿੱਚ ਉਨ੍ਹਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਉਹ ਇਹ ਕਿਵੇਂ ਕਰ ਸਕਦੇ ਹਨ? ਰਵੀਕਰਨ ਸਿੰਘ ਕਾਹਲੋਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਉਂਦਿਆਂ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਾਦਾਰ ਸਿਪਾਹੀ ਹਾਂ।
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਮੈਨੂੰ ਪੂਰਨ ਭਰੋਸਾ ਹੈ। ਮੈਂ ਆਪਣੇ ਪਰਿਵਾਰ ਅਤੇ ਆਪਣੇ ਸਤਿਕਾਰਯੋਗ ਪਿਤਾ ਜੀ ਸ.ਨਿਰਮਲ ਸਿੰਘ ਕਾਹਲੋਂ ਦੀ ਵਿਰਾਸਤ ਲਈ ਪੂਰੀ ਜ਼ਿੰਦਗੀ ਕੰਮ ਕਰਦਾ ਰਹਾਂਗਾ। ਮੈਂ ਹੈਰਾਨ ਹਾਂ ਕਿ ਜਗਮੀਤ ਸਿੰਘ ਬਰਾੜ ਨੇ ਬਣਾਈ ਕਮੇਟੀ ਵਿੱਚ ਮੇਰਾ ਨਾਮ ਕਿਵੇਂ ਤੇ ਕਿਉਂ ਪਾ ਦਿੱਤਾ? ਮੈਂ ਬਰਾੜ ਸਾਹਿਬ ਨੂੰ ਵੀ ਅਪੀਲ ਕਰਦਾ ਹਾਂ ਕਿ ਅਜਿਹਾ ਨਾਂ ਕਰੋ। ਪਾਰਟੀ ਨੇ ਤੁਹਾਨੂੰ ਬਹੁਤ ਮਾਣ ਦਿੱਤਾ ਹੈ। ਪਾਰਟੀ ਅਤੇ ਪਾਰਟੀ ਲੀਡਰਸ਼ਿਪ ਦਾ ਡੱਟਕੇ ਅਤੇ ਵਫ਼ਾਦਾਰੀ ਨਾਲ ਸਾਥ ਦਿਉ।