ਵਿਦੇਸ਼ ਬੈਠ ਲਾਰੈਂਸ ਦੇ ਗੈਂਗ ਨੂੰ ਚਲਾ ਰਿਹਾ ਸੀ ਗੋਲਡੀ ਬਰਾੜ, ਸਿਆਸੀ ਸ਼ਰਨ ਲੈਣ ਲਈ ਕੈਨੇਡਾ ਤੋਂ ਅਮਰੀਕਾ ਭੱਜ ਗਿਆ ਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੋਲਡੀ ਬਰਾੜ ਆਪਣੇ ਆਪ ਨੂੰ ਫਸਿਆ ਦੇਖ ਕੈਨੇਡਾ ਛੱਡ ਕੇ ਅਮਰੀਕਾ ਚਲਾ ਗਿਆ ਸੀ।

Goldy Brar and Sidhu Moosewala

ਚੰਡੀਗੜ੍ਹ: ਭਾਰਤ ਦੀਆਂ ਖੁਫੀਆ ਏਜੰਸੀਆਂ ਦੇ ਸੂਤਰਾਂ ਮੁਤਾਬਕ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਵਿਚ ਹਿਰਾਸਤ 'ਚ ਲਿਆ ਗਿਆ ਹੈ। ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੀ। ਗੋਲਡੀ ਬਰਾੜ ਆਪਣੇ ਆਪ ਨੂੰ ਫਸਿਆ ਦੇਖ ਕੈਨੇਡਾ ਛੱਡ ਕੇ ਅਮਰੀਕਾ ਚਲਾ ਗਿਆ ਸੀ। ਜਿੱਥੇ ਉਸ ਨੇ ਸਿਆਸੀ ਪਨਾਹ ਲੈਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਉਥੇ ਹੀ ਹਿਰਾਸਤ ਵਿਚ ਲੈ ਲਿਆ ਗਿਆ। 

ਗੋਲਡੀ ਬਰਾੜ ਵਿਦੇਸ਼ ਜੇਲ੍ਹ ਵਿੱਚ ਬੰਦ ਹੋ ਕੇ ਵੀ ਲਾਰੈਂਸ ਬਿਸ਼ਨੋਈ ਦੇ ਗਿਰੋਹ ਨੂੰ ਚਲਾ ਰਿਹਾ ਸੀ। ਗੋਲਡੀ ਬਰਾੜ ‘ਤੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ-ਨਾਲ ਹੋਰ ਵੀ ਕਈ ਕੇਸ ਦਰਜ ਹਨ। ਗੋਲਡੀ ਬਰਾੜ ਦਾ ਅਸਲੀ ਨਾਮ ਸਤਵਿੰਦਰਜੀਤ ਸਿੰਘ ਹੈ, ਜੋ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਸੀ। ਪੰਜਾਬ ਵਿੱਚ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਕੈਨੇਡਾ ਭੱਜ ਗਿਆ ਸੀ।

ਜ਼ਿਕਰਯੋਗ ਹੈ ਕਿ ਗੋਲਡੀ ਬਰਾੜ ਦਾ ਅਪਰਾਧਿਕ ਸਫਰ ਉਸ ਦੇ ਚਚੇਰੇ ਭਰਾ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਸ਼ੁਰੂ ਹੋਇਆ ਸੀ। ਗੋਲਡੀ ਬਰਾੜ ਦੇ ਪਿਤਾ ਦਾ ਨਾਂ ਸ਼ਮਸ਼ੇਰ ਸਿੰਘ ਹੈ, ਜੋ ਪੰਜਾਬ ਪੁਲਿਸ ਵਿੱਚ ਸਹਾਇਕ ਸਬ-ਇੰਸਪੈਕਟਰ ਸੀ। ਗੁਰਲਾਲ ਪਹਿਲਵਾਨ ਕਤਲ ਕੇਸ ਵਿੱਚ ਨਾਮ ਆਉਣ ਤੋਂ ਬਾਅਦ ਉਸ ਦੇ ਪਿਤਾ ਨੂੰ ਰਿਟਾਇਰ ਕਰ ਦਿੱਤਾ ਗਿਆ।

ਦਰਅਸਲ ਮਈ ਮਹੀਨੇ 'ਚ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ। ਜਿਸ ‘ਚ ਗੋਲਡੀ ਬਰਾੜ ਨੇ ਖੁਦ ਸੋਸ਼ਲ ਮੀਡੀਆ 'ਤੇ ਆਪਣਾ ਗੁਨਾਹ ਕਬੂਲ ਕਰ ਕੇ ਪਿੱਛੇ ਦੀ ਸਾਰੀ ਕਹਾਣੀ ਦੱਸੀ ਹੈ। ਜਿਸ ਤੋਂ ਬਾਅਦ ਲੋਕਾਂ ਵੱਲੋਂ ਮਿਲ ਰਹੇ ਪਿਆਰ ਕਾਰਨ ਉਸ ਦੇ ਮਾਤਾ-ਪਿਤਾ ਵਲੋਂ ਸਿੱਧੂ ਦੇ ਇਨਸਾਫ਼ ਲਈ ਪੰਜਾਬ ਸਰਕਾਰ 'ਤੇ ਲਗਾਤਾਰ ਦਬਾਅ ਪਾਇਆ ਗਿਆ ਪਰ ਅਜੇ ਤੱਕ ਮਾਪਿਆਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਜਿਸ ਕਰ ਕੇ ਉਸ ਦਾ ਪਰਿਵਾਰ ਸਰਕਾਰੇ ਦਰਬਾਰ ਜਾ ਕੇ ਵੱਖ-ਵੱਖ ਆਗੂਆਂ ਨੂੰ ਵੀ ਅਪੀਲ ਕਰ ਰਿਹਾ ਹੈ।  

ਇੱਕ ਮਹੀਨਾ ਪਹਿਲਾਂ ਹੀ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਪੁਲਿਸ ਨੇ ਕੁਝ ਨਾ ਕੀਤਾ ਤਾਂ ਉਹ ਕੇਸ ਵਾਪਸ ਲੈ ਕੇ ਦੇਸ਼ ਛੱਡ ਦੇਣਗੇ। ਬਲਕੌਰ ਸਿੰਘ ਨੇ ਪੰਜਾਬ ਸਰਕਾਰ ਤੋਂ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ 'ਤੇ 2 ਕਰੋੜ ਰੁਪਏ ਦਾ ਐਲਾਨ ਕਰਨ ਦੀ ਮੰਗ ਕੀਤੀ ਅਤੇ ਨਾਲ ਹੀ ਕਿਹਾ ਕਿ ਜੇਕਰ ਸਰਕਾਰ ਕੋਲ ਪੈਸੇ ਨਹੀਂ ਹਨ ਤਾਂ ਉਹ ਆਪਣੀ ਜ਼ਮੀਨ ਵੇਚ ਕੇ ਪੈਸੇ ਦੇਣਗੇ ਪਰ ਗੋਲਡੀ ਬਰਾੜ ਦਾ ਫੜਿਆ ਜਾਣਾ ਬਹੁਤ ਜ਼ਰੂਰੀ ਹੈ।