ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਦਾ ਵਿਵਾਦ ਮਾਮਲਾ : ਤਖ਼ਤ ਸ੍ਰੀ ਪਟਨਾ ਸਾਹਿਬ ਦਾ ਬੋਰਡ ਤਲਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

-ਜਥੇਦਾਰ ਰਣਜੀਤ ਸਿੰਘ ਗੌਹਰ ਅਤੇ ਜਥੇਦਾਰ ਇਕਬਾਲ ਸਿੰਘ ਨੂੰ ਜਥੇਦਾਰ ਦੀ ਸੇਵਾ ਤੋਂ ਦੂਰ ਰਹਿਣ ਦੇ ਆਦੇਸ਼

Giani Harpreet Singh

-ਪੇਸ਼ ਨਾ ਹੋਣ ਵਾਲੇ ਬੋਰਡ ਮੈਂਬਰ ਖ਼ਿਲਾਫ਼ ਮੌਕੇ 'ਤੇ ਮਰਿਆਦਾ ਅਨੁਸਾਰ ਹੋਵੇਗੀ ਕਾਰਵਾਈ

-ਗਿਆਨੀ ਬਲਦੇਵ ਸਿੰਘ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਬਤੌਰ ਜਥੇਦਾਰ ਨਿਭਾਉਣਗੇ ਸੇਵਾ

-ਬੋਰਡ ਮੈਂਬਰ ਮਹਿੰਦਰ ਸਿੰਘ ਨੂੰ ਪ੍ਰਧਾਨਗੀ ਲਈ ਬਹੁਮਤ ਸਾਬਤ ਕਰਨ ਦਾ ਹੁਕਮ

-ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਨਖ਼ਾਹੀਆ ਕਰਾਰ ਦਿੱਤੇ ਇੰਦਰਜੀਤ ਸਿੰਘ ਨੂੰ ਅੱਜ ਸ਼ਾਮ ਤੱਕ ਭੁੱਲ ਬਖਸ਼ਾਉਣ ਦਾ ਦਿੱਤਾ ਸਮਾਂ

ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਵਿਖੇ ਜਥੇਦਾਰ ਅਹੁਦੇ ਦਾ ਵਿਵਾਦ ਕਾਫੀ ਸਮੇਂ ਤੋਂ ਚਲਦਾ ਆ ਰਿਹਾ ਹੈ। ਜਿਸ ਵਿਚ ਹੁਣ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਬੋਰਡ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਕਾਫੀ ਸਮੇਂ ਤੋਂ ਸੁਰਖੀਆਂ ਵਿਚ ਹੈ ਜਿਸ ਨਾਲ ਸਮੁਚੇ ਪੰਥ ਨੂੰ ਠੇਸ ਪਹੁੰਚੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਨਾਲ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਮਾਣ-ਮਰਿਆਦਾ ਨੂੰ ਵੀ ਵੱਡੀ ਢਾਹ ਲੱਗੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਹੜਾ ਬੋਰਡ ਤਖ਼ਤ ਸਾਹਿਬ ਦੇ ਪੂਰੇ ਪ੍ਰਬੰਧ ਨੂੰ ਦੇਖਦਾ ਹੈ ਉਹ ਇਸ ਮਸਲੇ ਨੂੰ ਸੁਲਝਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਜਿਸ ਮੌਕੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ। ਅਜਿਹੇ ਸਮੇਂ ਇਹ ਵਿਵਾਦ ਹੋਰ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਕਿਹਾ ਕਿ ਬੋਰਡ ਦੇ ਮੈਂਬਰ ਆਪ-ਹੁਦਰੀਆਂ ਕਰਨ ਵਿਚ ਰੁਝੇ ਹੋਏ ਹਨ। ਇਸ ਲਈ ਫੈਸਲਾ ਕੀਤਾ ਗਿਆ ਹੈ ਕਿ ਇਹ ਬੋਰਡ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ 6 ਦਸੰਬਰ ਨੂੰ 12 ਵਜੇ ਤਲਬ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੋਰਡ ਦੇ ਸਾਰੇ ਮੈਂਬਰਾਂ ਨੂੰ ਦਿਤੇ ਹੋਏ ਸਮੇਂ 'ਤੇ ਹਾਜ਼ਰ ਹੋਣਾ ਲਾਜ਼ਮੀ ਹੋਵੇਗਾ ਅਤੇ ਜੇਕਰ ਕੋਈ ਨਾ ਪਹੁੰਚਿਆ ਜਾਂ ਕਿਸੇ ਨੇ ਬਹਾਨਾ ਬਣਾਇਆ ਤਾਂ ਉਸ ਵਿਰੁੱਧ ਮੌਕੇ 'ਤੇ ਹੀ ਮਰਿਆਦਾ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਹੁਕਮਾਂ ਤੱਕ ਗਿਆਨੀ ਬਲਦੇਵ ਸਿੰਘ ਪੰਜ ਪਿਆਰਿਆਂ ਦੀ ਸਮਤੀ ਨਾਲ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਬਤੌਰ ਜਥੇਦਾਰ ਸੇਵਾ ਨਿਭਾਉਣਗੇ।

ਉਨ੍ਹਾਂ ਕਿਹਾ ਕਿ ਫਿਲਹਾਲ ਗਿਆਨੀ ਰਣਜੀਤ ਸਿੰਘ ਗੌਹਰ ਅਤੇ ਜਥੇਦਾਰ ਇਕਬਾਲ ਸਿੰਘ ਇਸ ਸੇਵਾ ਤੋਂ ਦੂਰੀ ਬਣਾਈ ਰੱਖਣਗੇ। ਇਸ ਤੋਂ ਇਲਾਵਾ ਬੋਰਡ ਨੂੰ ਇਨ੍ਹਾਂ ਦੋਹਾਂ ਜਥੇਦਾਰਾਂ ਕੋਲੋਂ ਤੁਰੰਤ ਕੰਪਲੈਕਸ ਖਾਲੀ ਕਰਵਾਉਣ ਦੇ ਵੀ ਹੁਕਮ ਦਿਤੇ ਗਏ ਹਨ ਤਾਂ ਕਿ ਕਿਸੇ ਕਿਸਮ ਦਾ ਝਗੜਾ ਨਾ ਹੋਵੇ ਅਤੇ ਅਮਨ ਸ਼ਾਂਤੀ ਬਣਾਈ ਜਾ ਸਕੇ। ਇਸ ਮੌਕੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਫਿਲਹਾਲ ਦੋਹਾਂ ਦੀ ਸੇਵਾ 'ਤੇ ਰੋਕ ਲਗਾਈ ਗਈ ਹੈ ਜਦਕਿ ਜਥੇਦਾਰ ਗਿਆਨੀ ਬਲਦੇਵ ਸਿੰਘ ਵਲੋਂ ਇਹ ਸੇਵਾ ਨਿਭਾਈ ਜਾਵੇਗੀ।

ਇਸ ਤੋਂ ਇਲਾਵਾ ਬੋਰਡ ਮੈਂਬਰ ਮਹਿੰਦਰ ਸਿੰਘ ਢਿੱਲੋਂ ਨੂੰ ਪ੍ਰਧਾਨਗੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਬਹੁਮਤ ਪੇਸ਼ ਕਰਨ ਦਾ ਵੀ ਹੁਕਮ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪੰਜ ਪਿਆਰਿਆਂ ਵਲੋਂ ਤਨਖ਼ਾਹੀਆ ਕਰਾਰ ਦਿਤੇ ਇੰਦਰਜੀਤ ਸਿੰਘ ਨੂੰ ਹੁਕਮ ਦਿਤਾ ਗਿਆ ਹੈ ਕਿ ਉਹ ਤੁਰੰਤ ਅੱਜ ਸ਼ਾਮ ਨੂੰ ਹੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪੰਜ ਪਿਆਰੇ ਸਹਿਬਾਨਾਂ ਦੇ ਸਨਮੁਖ ਪੇਸ਼ ਹੋਣ। ਜੋ ਵੀ ਗਲਤੀ ਇੰਦਰਜੀਤ ਸਿੰਘ ਵਲੋਂ ਕੀਤੀ ਗਈ ਹੈ ਉਸ ਸਬੰਧੀ ਖਿਮਾ ਦੀ ਜਾਚਨਾ ਕਰੇ। ਆਪਣੀ ਭੁੱਲ ਬਖਸ਼ਾਉਣ ਮਗਰੋਂ ਹੀ ਉਹ ਵੀ 6 ਦਸੰਬਰ ਨੂੰ ਬਾਕੀ ਮੈਂਬਰਾਂ ਸਮੇਤ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਣ ਦਾ ਅਧਿਕਾਰੀ ਹੋਵੇਗਾ।