ਪਤਨੀਆਂ ਹੱਥੋਂ ਧੋਖੇ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਗੁਰਜੀਤ ਸਿੰਘ ਨੇ ਬਣਾਈ ‘ਇਨਸਾਫ਼ ਦੀ ਮੰਗ ਕਮੇਟੀ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੈਮੀਨਾਰ ਲਗਾ ਕੇ ਧੋਖੇ ਦਾ ਸ਼ਿਕਾਰ ਹੋਏ ਨੌਜਵਾਨਾਂ ਦੀ ਕੀਤੀ ਜਾ ਰਹੀ ਹੈ ਮਦਦ

Gurjit Singh formed a 'Justice Demand Committee' to provide justice to the youth who have been cheated by their wives.

ਰਾਜਪੁਰਾ : ਲੱਖਾਂ ਰੁਪਏ ਖਰਚ ਕੇ ਵਿਦੇਸ਼ ਭੇਜੀਆਂ ਪਤਨੀਆਂ ਦੇ ਹੱਥੋਂ ਸ਼ਿਕਾਰ ਵਿਅਕਤੀਆਂ ਵੱਲੋਂ ਤਿੰਨ-ਚਾਰ ਮਹੀਨੇ ਪਹਿਲਾਂ ‘ਇਨਸਾਫ਼ ਦੀ ਮੰਗ’ ਨਾਂ ਦੀ ਕਮੇਟੀ ਬਣਾਈ ਗਈ। ਕਮੇਟੀ ਬਣਾਉਣ ਵਾਲੇ ਗੁਰਜੀਤ ਸਿੰਘ ਨੇ ਦੱਸਿਆ ਕਿ ਮੈਂ ਖੁਦ ਆਪਣੀ ਪਤਨੀ ਨੂੰ ਵਿਦੇਸ਼ ਭੇਜ ਕੇ ਠੱਗੀ ਦਾ ਸ਼ਿਕਾਰ ਹੋ ਚੁੱਕਿਆਂ ਹਾਂ,ਉਸ ਤੋਂ ਬਾਅਦ ਹੀ ਮੈਂ ਇਹ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ। ਗੁਰਜੀਤ ਸਿੰਘ ਨੇ ਦੱਸਿਆ ਕਿ ਮੈਂ ਖੁਦ ਆਪਣੀ ਪਤਨੀ ਨੂੰ 45 ਲੱਖ ਰੁਪਏ ਖਰਚ ਕਰਕੇ ਵਿਦੇਸ਼ ਭੇਜਿਆ ਸੀ ਅਤੇ ਉਹ ਹੁਣ ਮੇਰੇ ਨਾਲੋਂ ਨਾਤਾ ਤੋੜ ਚੁੱਕੀ ਹੈ। ਮੈਂ ਕਾਫ਼ੀ ਸਮੇਂ ਡਿਪਰੈਸ਼ਨ ਵਿਚ ਰਿਹਾ ਉਸ ਤੋਂ ਬਾਅਦ ਮੈਂ ਫ਼ੈਸਲਾ ਕੀਤਾ ਇਨ੍ਹਾਂ ਧੋਖਾ ਦੇਣ ਵਾਲੀਆਂ ਪਤਨੀਆਂ ਦੇ ਚਿਹਰੇ ਬੇਨਕਾਬ ਕੀਤੇ ਜਾਣ ਤਾਂ ਜੋ ਵਿਦੇਸ਼ਾਂ ’ਚ ਬੈਠੇ ਲੋਕਾਂ ਨੂੰ ਪਤਾ ਲੱਗ ਸਕੇਗੀ ਕਿ ਇਹ ਪੰਜਾਬ ਰਹਿੰਦੇ ਆਪਣੇ ਪਰਿਵਾਰਾਂ ਨੂੰ ਧੋਖਾ ਦੇ ਕੇ ਇਥੇ ਆਈਆਂ ਹਨ । ਹੁਣ ਅਸੀਂ ਧੋਖੇ ਦਾ ਸ਼ਿਕਾਰ ਵਿਅਕਤੀਆਂ ਦੀ ਕੇਸ ਦਰਜ ਕਰਨ, ਐਫ.ਆਈ.ਆਰ. ਦਰਜ ਕਰਨ ਅਤੇ ਕਾਨੂੰਨੀ ਰਸਤਾ ਅਪਨਾਉਣ ਵਿਚ ਮਦਦ ਕਰਦੇ ਹਾਂ ਤਾਂ ਜੋ ਅੱਗੇ ਧੋਖਾ ਦਾ ਸ਼ਿਕਾਰ ਹੋਣ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।

ਗੁਰਜੀਤ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਬਣਾਈ ਕਮੇਟੀ ਨੇ ਪਹਿਲਾ ਇਕੱਠ ਬਾਘਾ ਪੁਰਾਣਾ ਵਿਖੇ ਕੀਤਾ ਜਿੱਥੇ ਧੋਖੇ ਦਾ ਸ਼ਿਕਾਰ ਹੋਏ 70 ਪਰਿਵਾਰਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ। ਦੂਜਾ ਇਕੱਠ ਅਸੀਂ ਲੁਧਿਆਣਾ ’ਚ ਰੱਖਿਆ ਜਿੱਥੇ ਵੀ ਬਹੁਤ ਗਿਣਤੀ ’ਚ ਪਰਿਵਾਰ ਸ਼ਾਮਲ ਹੋਏ। ਤੀਜਾ ਇਕੱਠ ਅਸੀਂ ਰਾਜਪੁਰਾ ’ਚ ਕੀਤਾ ਜਿੱਥੇ 200 ਪੀੜਤ ਪਰਿਵਾਰ ਸ਼ਾਮਲ ਹੋਏ।

ਵਿਦੇਸ਼ ਗਈ ਪਤਨੀ ਹੱਥੋਂ ਬਰਬਾਦ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖਨੌੜਾ ਦੇ ਰਾਜਵੀਰ ਨੇ ਭਰੇ ਮਨ ਨਾਲ ਆਪਣੀ ਵਿੱਥਿਆ ਸੁਣਾਈ। ਉਨ੍ਹਾਂ ਦੱਸਿਆ ਕਿ ਮੈਂ 9 ਸਾਲ ਦੁਬਈ ਵਿਚ ਕੰਮ ਕੀਤਾ ਅਤੇ ਉਥੇ ਰਹਿ ਕੇ ਮੈਂ ਜੋ ਵੀ ਕਮਾਈ ਕੀਤੀ ਸੀ ਉਹ ਸਾਰੀ ਕਮਾਈ ਆਪਣੀ ਪਤਨੀ ਨੂੰ ਵਿਦੇਸ਼ ਭੇਜਣ ’ਤੇ ਖਰਚ ਕਰ ਦਿੱਤੀ ਅਤੇ ਹੁਣ ਮੈਂ ਬਿਲਕੁਲ ਖਾਲੀ ਹੋ ਕੇ ਬੈਠਿਆ ਹਾਂ। ਰਾਜਵੀਰ ਨੇ ਦੱਸਿਆ ਕਿ ਮੈਂ ਆਪਣੀ ਪਤਨੀ ਨੂੰ ਵਿਦੇਸ਼ ਭੇਜਣ ਦੇ ਬਿਲਕੁਲ ਵੀ ਹੱਕ ਵਿਚ ਨਹੀਂ ਸੀ, ਪਰ ਮੇਰੇ ਸਹੁਰੇ ਪਰਿਵਾਰ ਦੇ ਕਹਿਣ ’ਤੇ 35 ਲੱਖ ਰੁਪਏ ਖਰਚ ਕੇ ਮੈਂ ਆਪਣੀ ਪਤਨੀ ਨੂੰ ਵਿਦੇਸ਼ ਭੇਜ ਦਿੱਤਾ। ਵਿਦੇਸ਼ ਭੇਜੇ ਜਾਣ ਤੋਂ ਬਾਅਦ ਇਕ ਸਾਲ ਤੱਕ ਤਾਂ ਸਭ ਕੁੱਝ ਠੀਕ ਚਲਦਾ ਰਿਹਾ ਅਤੇ ਉਸ ਨੇ ਇਕ-ਦੋ ਵਾਰ ਪੈਸੇ ਵੀ ਭੇਜੇ । ਪਰ ਹੌਲੀ-ਹੌਲੀ ਮੇਰੀ ਪਤਨੀ ਨੇ ਮੇਰੇ ਕੋਲੋਂ ਅਤੇ ਮੇਰੇ ਬੱਚਿਆਂ ਕੋਲੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। ਹੁਣ 6-7 ਮਹੀਨੇ ਹੋ ਚੁੱਕੇ ਹਨ ਮੇਰੀ ਪਤਨੀ ਨਾਲ ਗੱਲ ਨਹੀਂ ਹੋਈ, ਉਹ ਆਪਣੇ ਬੱਚੇ ਨਾਲ ਵੀ ਗੱਲ ਨਹੀਂ ਕਰਦੀ। ਇਸ ਸਭ ਤੋਂ ਬਾਅਦ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਇਕ ਦਿਨ ਸਹੁਰੇ ਗਿਆ ਅਤੇ ਮੈਂ ਆਪਣੇ ਸਹੁਰੇ ਨੂੰ ਕਿਹਾ ਕਿ ਮੇਰੀ ਪਤਨੀ ਨੂੰ ਤੁਸੀਂ ਵਾਪਸ ਬੁਲਾ ਦਿਓ, ਪਰ ਉਨ੍ਹਾਂ ਅੱਗੋਂ ਕਿਹਾ ਕਿ ਉਹ ਵਾਪਸ ਨਹੀਂ ਆ ਸਕਦੀ । ਜਿਸ ਤੋਂ ਬਾਅਦ ਮੈਂ ਪਤਨੀ ਅਤੇ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਮੈਂ ਹੁਣ ਵੀ ਮੀਡੀਆ ਰਾਹੀਂ ਆਪਣੀ ਪਤਨੀ ਨੂੰ ਅਪੀਲ ਕਰਦਾ ਹਾਂ ਕਿ ਉਹ ਵਾਪਸ ਆ ਜਾਵੇ ਅਤੇ ਮੈਂ ਸਾਰੇ ਕੇਸ ਵਾਪਸ ਲੈ ਲਵਾਂਗਾ ਅਤੇ ਮੈਂ ਔਖਾ-ਸੌਖਾ ਹੋ ਕੇ ਆਪਣੇ ਬੱਚਿਆਂ ਨਾਲ ਗੁਜ਼ਾਰਾ ਕਰ ਲਵਾਂਗੇ। ਮੇਰੇ ਕੋਲੋਂ ਇਕ ਗਲਤੀ ਜ਼ਰੂਰ ਹੋਈ ਹੈ ਜਦੋਂ ਮੈਂ ਆਪਣੀ ਪਤਨੀ ਨੂੰ ਵਿਦੇਸ਼ ਭੇਜਿਆ ਸੀ, ਉਸ ਸਮੇਂ ਮੇਰੇ ਸਹੁਰਾ ਪਰਿਵਾਰ ਨੇ ਖਾਲੀ ਕਾਗਜ਼ਾਂ ’ਤੇ ਦਸਤਖ਼ਤ ਕਰਵਾਏ ਸਨ । ਮੈਨੂੰ ਸ਼ੱਕ ਹੈ ਕਿਤੇ ਮੇਰੇ ਸਹੁਰਾ ਪਰਿਵਾਰ ਨੇ ਮੇਰੀ ਪਤਨੀ ’ਤੇ ਦਬਾਅ ਪਾ ਕੇ ਕਿਤੇ ਵਿਦੇਸ਼ ਵਿਚ ਮੇਰੇ ਨਾਲੋਂ ਤਲਾਕ ਨਾ ਕਰਵਾ ਦਿੱਤਾ ਹੋਵੇ।

ਇਸੇ ਤਰ੍ਹਾਂ ਆਪਣੀ ਨੂੰਹ ਤੋਂ ਪ੍ਰੇਸ਼ਾਨ ਹੋਈ ਹਰਮੀਤ ਕੌਰ ਨੇ ਦੱਸਿਆ ਕਿ ਅਸੀਂ ਲੱਖਾਂ ਰੁਪਏ ਖਰਚ ਕੇ ਆਪਣੀ ਨੂੰਹ ਕਰਮਜੀਤ ਕੌਰ ਨੂੰ ਵਿਦੇਸ਼ ਭੇਜਿਆ ਸੀ। ਪਰ ਕੈਨੇਡਾ ਪਹੁੰਚੀ ਨੂੰਹ ਨੇ ਹੌਲੀ-ਹੌਲੀ ਸਾਡੇ ਤੋਂ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ। ਹਰਮੀਤ ਕੌਰ ਨੇ ਦੱਸਿਆ ਕਿ ਜਦੋਂ ਮੇਰੇ ਬੇਟੇ ਮਨਿੰਦਰਜੀਤ ਸਿੰਘ ਨੇ ਛੇ ਮਹੀਨੇ ਮਗਰੋਂ ਜਦੋਂ ਆਪਣੀ ਪਤਨੀ ਨੂੰ ਕਿਹਾ ਕਿ ਹੁਣ ਮੈਨੂੰ ਵੀ ਬਾਹਰ ਬੁਲਾ ਲੈ ਤਾਂ ਉਸ ਨੇ ਅੱਗੋਂ ਕਿਹਾ ਕਿ ਮੈਂ ਪਹਿਲਾਂ ਆਪਣੇ ਭਰਾ ਨੂੰ ਬੁਲਾਵਾਂਗੀ। ਇਸ ਤੋਂ ਬਾਅਦ ਮੇਰਾ ਬੇਟਾ ਕੈਨੇਡਾ ਚਲਾ ਗਿਆ, ਜਦੋਂ ਮੇਰਾ ਬੇਟਾ ਕੈਨੇਡਾ ਪਹੁੰਚਿਆ ਤਾਂ ਉਸ ਦੀ ਪਤਨੀ ਉਸ ਨੂੰ ਏਅਰਪੋਰਟ ’ਤੇ ਲੈਣ ਤੱਕ ਨਹੀਂ ਆਈ। ਮੇਰਾ ਮੁੰਡਾ ਉਥੇ ਇਕੱਲਾ ਰਹਿੰਦਾ ਰਿਹਾ ਅਤੇ ਉਸ ਦੀ ਪਤਨੀ ਨੇ ਉਸ ਨੂੰ ਆਪਣੇ ਨਾਲ ਨਾ ਰੱਖਿਆ, ਜਿਸ ਕਾਰਨ ਮੇਰਾ ਬੇਟਾ ਮਨਿੰਦਰਜੀਤ ਸਿੰਘ ਡਿਪਰੈਸ਼ਨ ’ਚ ਚਲਾ ਗਿਆ ਅਤੇ ਉਸ ਦੀ ਕੈਨੇਡਾ ਵਿਚ ਹੀ ਮੌਤ ਹੋ ਗਈ। ਅਸੀਂ ਆਪਣੇ ਪੱਲਿਓਂ ਪੈਸੇ ਖਰਚੇ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਮੰਗਵਾਈ ਅਤੇ ਉਸ ਦਾ ਸੰਸਕਾਰ ਕੀਤਾ। ਅਸੀਂ ਆਪਣੀ ਸਾਰੀ ਜ਼ਮੀਨ ਵੇਚ ਕੇ ਪਹਿਲਾਂ 26 ਲੱਖ ਰੁਪਏ ਖਰਚ ਕੇ ਆਪਣੀ ਨੂੰਹ ਨੂੰ ਕੈਨੇਡਾ ਭੇਜਿਆ, ਫਿਰ ਅਸੀਂ ਆਪਣੇ ਪੁੱਤਰ ਨੂੰ 15 ਲੱਖ ਰੁਪਏ ਖਰਚ ਕੇ ਕੈਨੇਡਾ ਭੇਜਿਆ ਸੀ ਅਤੇ ਅਸੀਂ ਹੁਣ ਬਿਲਕੁਲ ਬਰਬਾਦ ਹੋ ਚੁੱਕੇ ਹਾਂ। ਅਸੀਂ ਇਹੀ ਮੰਗ ਕਰਦੇ ਹਾਂ ਜਿੱਥੇ ਵੀ ਕਰਮਜੀਤ ਕੌਰ ਉਸ ਡਿਪੋਰਟ ਕਰਕੇ ਇੰਡੀਆ ਭੇਜਿਆ ਜਾਵੇ।