ਕੈਪਟਨ ਦਾ ਭਾਜਪਾ ‘ਤੇ ਹਮਲਾ, ਰਾਜਪਾਲ ਦੇ ਦਫ਼ਤਰ ਦੀ ਦੁਰਵਰਤੋਂ ਦੇ ਲਾਏ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਭਾਜਪਾ ਚੁਣੀਆਂ ਹੋਈਆਂ ਸਰਕਾਰ ਨੂੰ ਡੇਗਣ ਦੀ ਕਰ ਰਹੀ ਹੈ ਕੋਸ਼ਿਸ਼

Capt. Amrinder Singh

ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਵਿਚਾਲੇ ਪੰਜਾਬ ਸਰਕਾਰ ਅਤੇ ਕੇਂਦਰ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਭਾਜਪਾ ਦੀ ਪੰਜਾਬ ਲੀਡਰਸ਼ਿਪ ‘ਤੇ ਰਾਜਪਾਲ ਦੇ ਉਚ ਅਹੁਦੇ ਦੀ ਮਰਿਆਦਾ ਨੂੰ ਘਟਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਿਨ੍ਹਾਂ ਸੂਬਿਆਂ ਵਿਚ ਉਹ ਵਿਰੋਧੀ ਧਿਰ ਵਿਚ ਹੈ, ਉਥੇ ਉਹ ਲੋਕਤੰਤਰੀ ਤਰੀਕੇ ਨਾਲ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ ’ਤੇ ਉਤਾਰੂ ਹਨ। ਭਾਜਪਾ ਦੇ ਸੂਬਾਈ ਯੂਨਿਟ ਵਲੋਂ ਉਨ੍ਹਾਂ (ਮੁੱਖ ਮੰਤਰੀ) ’ਤੇ ਪੰਜਾਬ ਨੂੰ ਇਕ ਹੋਰ ਪੱਛਮੀ ਬੰਗਾਲ ਬਣਾਉਣ ਦੇ ਲਗਾਏ ਦੋਸ਼ਾਂ ਸਬੰਧੀ ਕੀਤੇ ਹਾਲੀਆ ਟਵੀਟ ’ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੱਤਾ ਦੀ ਭੁੱਖੀ ਭਾਜਪਾ ਹੈ ਜਿਹੜੀ ਆਪਣੇ ਸੌੜੇ ਹਿੱਤਾਂ ਵਾਸਤੇ ਰਾਜਪਾਲ ਦੇ ਦਫ਼ਤਰ ਦੀ ਦੁਰਵਰਤੋਂ ਕਰ ਰਹੀ ਹੈ।

ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਪੱਛਮੀ ਬੰਗਾਲ ਵਿਚ ਵਾਪਰ ਰਿਹਾ ਹੈ, ਇਹ ਮਹਾਰਾਸ਼ਟਰ ਵਿਚ ਵਾਪਰਿਆ ਅਤੇ ਹੁਣ ਇਹ ਸਭ ਕੁਝ ਪੰਜਾਬ ਵਿਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਯੋਜਨਾਬੰਦ ਤਰੀਕੇ ਨਾਲ ਸਾਰੀਆਂ ਲੋਕਤੰਤਰੀ ਤੇ ਸੰਵਿਧਾਨਕ ਸੰਸਥਾਵਾਂ ਨੂੰ ਕੁਚਲ ਰਹੀ ਹੈ ਅਤੇ ਰਾਜਪਾਲ ਦੇ ਦਫ਼ਤਰ ਨੂੰ ਵੀ ਉਨ੍ਹਾਂ ਨਹੀਂ ਬਖ਼ਸ਼ਿਆ।

ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ਾਂ ਅਜਿਹੀ ਪਾਰਟੀ ਨੂੰ ਨਹੀਂ ਸ਼ੋਭਦੀਆਂ ਜਿਹੜੀ ਕੇਂਦਰ ਵਿਚ ਸੱਤਾਧਾਰੀ ਹੋ ਕੇ ਇਨ੍ਹਾਂ ਸੰਸਥਾਵਾਂ ਦੀ ਰਖਵਾਲੀ ਵਾਲੀ ਹੋਵੇ। ਕੈ. ਅਮਰਿੰਦਰ ਸਿੰਘ ਨੇ ਭਾਜਪਾ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਇਕ ਕੌਮੀ ਪਾਰਟੀ ਹੋਣ ਦੇ ਬਾਵਜੂਦ ਉਹ ਸੰਵਿਧਾਨਕ ਪ੍ਰੰਪਰਾਵਾਂ ਜਿਸ ਅਨੁਸਾਰ ਰਾਜਪਾਲ ਸੂਬੇ ਦਾ ਸਰਪ੍ਰਸਤ ਹੁੰਦਾ ਹੈ ਪਰ ਸਾਰੇ ਪ੍ਰਸ਼ਾਸਕੀ ਅਧਿਕਾਰ ਮੁੱਖ ਮੰਤਰੀ ਕੋਲ ਹੁੰਦੇ ਹਨ, ਤੋਂ ਪੂਰੀ ਤਰ੍ਹਾਂ ਅਨਜਾਣ ਜਾਪਦੀ ਹੈ।

ਉਨ੍ਹਾਂ ਪੁੱਛਿਆ ਕਿ, ਕੀ ਭਾਜਪਾ ਆਗੂ ਨਹੀਂ ਜਾਣਦੇ ਕਿ ਮੇਰੇ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਇਕੱਲੇ ਮੁੱਖ ਮੰਤਰੀ ਕਰਕੇ ਹੀ ਨਹੀਂ ਸਗੋਂ ਗ੍ਰਹਿ ਮੰਤਰੀ ਕਰਕੇ ਵੀ ਮੇਰੀ ਹੀ ਬਣਦੀ ਹੈ? ਉਨ੍ਹਾਂ ਭਾਜਪਾ ਆਗੂਆਂ ਨੂੰ ਕਿਹਾ ਕਿ ਸੰਵਿਧਾਨਕ ਮਾਮਲਿਆਂ ’ਤੇ ਆਪਣਾ ਮੂੰਹ ਖੋਲ੍ਹਣ ਤੋਂ ਪਹਿਲਾਂ ਉਹ ਭਾਰਤੀ ਸੰਵਿਧਾਨ ਦੀ ਏ. ਬੀ. ਸੀ. ਪੜ੍ਹ ਲਿਆ ਕਰਨ।