ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਮਿਲਣ ਪਹੁੰਚੀ ਬੀਬੀ ਬਾਦਲ, ਹੋਇਆ ਵਿਰੋਧ
ਲੋਕਾਂ ਨੇ ‘ਹਰਸਿਮਰਤ ਕੌਰ ਵਾਪਸ ਜਾਓ’ ਦੇ ਨਾਅਰੇ ਲਗਾਏ
ਬੁਢਲਾਡਾ: ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ‘ਤੇ ਜਾਰੀ ਮੋਰਚੇ ਦੌਰਾਨ ਕਈ ਕਿਸਾਨ ਅਪਣੀਆਂ ਜਾਨਾਂ ਗਵਾ ਚੁੱਕੇ ਹਨ। ਇਹਨਾਂ ਵਿਚ ਬੁਢਲਾਡਾ ਖੇਤਰ ਦੇ ਕਿਸਾਨਾਂ ਦੀ ਵੀ ਮੌਤ ਹੋਈ ਹੈ। ਇਹਨਾਂ ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਕਾਤ ਕਰਨ ਲਈ ਪੁੱਜੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਵੱਡੇ ਪੱਧਰ ‘ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਇੱਥੇ ਪਹੁੰਚਣ ‘ਤੇ ਬੀਬੀ ਬਾਦਲ ਦਾ ਪਿੰਡਾਂ ਦੇ ਨੌਜਵਾਨਾਂ ਤੇ ਕਿਸਾਨ ਜਥੇਬੰਦੀਆਂ ਨੇ ਤਿੱਖਾ ਵਿਰੋਧ ਕੀਤਾ। ਇਸ ਦੌਰਾਨ ਉਹਨਾਂ ਦੇ ਵਿਰੋਧ ਵਿਚ ਨਾਅਰੇਬਾਜ਼ੀ ਵੀ ਕੀਤੀ ਗਈ। ਪਿੰਡ ਭਾਦੜਾ ਪੁੱਜਣ ‘ਤੇ ਵੱਡੀ ਗਿਣਤੀ ਲੋਕਾਂ ਨੇ ਹਰਸਿਮਰਤ ਬਾਦਲ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਅਤੇ ‘ਹਰਸਿਮਰਤ ਕੌਰ ਵਾਪਸ ਜਾਓ’ ਦੇ ਨਾਅਰੇ ਵੀ ਲਗਾਏ ਗਏ।
ਦੱਸਿਆ ਜਾ ਰਿਹਾ ਹੈ ਕਿ ਭਾਰੀ ਵਿਰੋਧ ਨੂੰ ਦੇਖਦਿਆਂ ਬੀਬੀ ਬਾਦਲ ਵੱਲੋਂ ਅੱਜ ਦੇ ਨਿਰਧਾਰਤ ਪਿੰਡ ਗੁੜੱਦੀ, ਬੱਛੋਆਣਾ ਅਤੇ ਧਰਮਪੁਰਾ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਹਰਸਿਮਰਤ ਬਾਦਲ ਵੱਲੋਂ ਭਾਵੇਂ ਇਹਨਾਂ ਖੇਤੀ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਦੱਸਿਆ ਗਿਆ ਸੀ ਪਰ ਜਿਵੇਂ ਹੀ ਇਹਨਾਂ ਕਾਨੂੰਨਾਂ ਦਾ ਵਿਰੋਧ ਤੇਜ਼ ਹੋਇਆ ਤਾਂ ਉਹਨਾਂ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਪਾਰਟੀ ਨੇ ਵੀ ਭਾਜਪਾ ਤੋਂ ਕਿਨਾਰਾ ਕਰ ਲਿਆ ਸੀ।