ਪੰਜਾਬ ਸਰਕਾਰ ਦਾ ਵੱਡਾ ਮਾਅਰਕਾ, ਕੋਰੋਨਾ ਵਾਇਰਸ 'ਤੇ ਪੂਰਾ ਕੰਟਰੋਲ 

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦਾ ਵੱਡਾ ਮਾਅਰਕਾ, ਕੋਰੋਨਾ ਵਾਇਰਸ 'ਤੇ ਪੂਰਾ ਕੰਟਰੋਲ 

image

ਚੰਡੀਗੜ੍ਹ, 2 ਜਨਵਰੀ (ਜੀ.ਸੀ. ਭਾਰਦਵਾਜ) : ਪਿਛਲੇ 10 ਮਹੀਨਿਆਂ ਤੋਂ ਮੁਲਕ ਵਿਚ ਵਧ ਰਹੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਕੰਟਰੋਲ ਕਰਨ ਵਿਚ ਇਸ ਸਰਹੱਦੀ ਸੂਬੇ ਦੀ ਕਾਂਗਰਸ ਸਰਕਾਰ ਤੇ ਇਸ ਦੇ ਯੋਧੇ ਡਾਕਟਰਾਂ, ਨਰਸਾਂ ਤੇ ਹੋਰ ਸਟਾਫ਼ ਸਮੇਤ ਲੋਕਾਂ ਦੇ ਸਹਿਯੋਗ ਨਾਲ, ਇਸ ਮਹਾਂਮਾਰੀ ਤੋਂ ਛੁਟਕਾਰ ਪਾਉਣ 'ਚ ਬਾਕੀ ਰਾਜਾਂ ਦੇ ਮੁਕਾਬਲੇ, ਸੱਭ ਤੋਂ ਵੱਧ ਮਿਹਨਤ ਨਾਲ ਵੱਡਾ ਮਾਅਰਕਾ ਮਾਰਿਆ ਹੈ |  
ਲੰਮੇ ਚੌੜੇ ਅੰਕੜੇ ਦੇ ਕੇ ਅਤੇ ਸਰਕਾਰ ਦੀ ਕਾਮਯਾਬੀ ਦਸਦੇ ਹੋਏ ਅੱਜ ਇਥੇ ਪੰਜਾਬ ਭਵਨ 'ਚ ਮੀਡੀਆ ਕਾਨਫ਼ਰੰਸ ਵਿਚ ਮੈਡੀਕਲ ਸਿਖਿਆ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਮਾਰਚ ਮਹੀਨੇ ਜਦੋਂ ਕੋਰੋਨਾ ਦੇ ਖੇਤਰ ਨੂੰ ਦੇਖਦੇ ਹੋਏ ਸੂਬੇ ਵਿਚ ਤਾਲਾਬੰਦੀ ਤੇ ਕਰਫ਼ਿਊ ਲਗਾਇਆ ਗਿਆ ਸੀ |  ਉਸ ਸਮੇਂ ਪੰਜਾਬ ਵਿਚ ਕੋਵਿਡ ਸਬੰਧੀ ਟੈਸਟ ਕਰਨ ਦੀ ਕੋਈ ਸਹੂਲਤ ਨਹੀਂ ਸੀ ਅਤੇ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਲਏ ਗਏ ਸੈਂਪਲਾਂ ਨੂੰ ਜਾਂਚ ਲਈ ਪੂਨੇ ਦੀ ਲੈਬ ਵਿਚ ਭੇਜਿਆ ਜਾਂਦਾ ਸੀ ਪਰ 9 ਮਹੀਨੇ ਅੰਦਰ ਹੀ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਦੀਆਂ 3 ਲੈਬਾਂ ਵਿਚ 21 ਹਜ਼ਾਰ ਟੈਸਟ ਪ੍ਰਤੀ ਅਤੇ 4 ਹੋਰ ਨਵੀਆਂ ਲੈਬਾਂ ਵਿਚ ਹੁਣ 2500 ਪ੍ਰਤੀ ਦਿਨ ਟੈਸਟ ਕੀਤੇ ਜਾ ਰਹੇ ਹਨ | ਇਸ ਤਰ੍ਹਾਂ ਕੁਲ ਮਿਲਾ ਕੇ ਸੂਬੇ ਵਿਚ 26500 ਆਰ.ਟੀ.ਪੀ.ਸੀ.ਆਰ. ਟੈਸਟ ਦੀ ਸਮਰਥਾ ਬਣਾਈ ਗਈ ਹੈ | 
ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਮੌਜੂਦਾ ਸਮੇਂ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੀ ਲੈਬ 10 ਹਜ਼ਾਰ ਟੈਸਟ ਪ੍ਰਤੀ ਦਿਨ ਕਰਨ ਦੀ ਸਮਰਥਾ ਰਖਦੀ ਹੈ ਜੋ ਕਿ ਦੇਸ਼ ਦੀਆਂ ਸਾਰੀਆਂ ਲੈਬਾਂ ਤੋਂ ਵੱਧ ਹੈ | ਇਸ ਤੋਂ ਇਲਾਵਾ ਪੰਜਾਬ ਵਿਚ ਵਾਇਰਲ ਟੈਸਟਿੰਗ ਲਈ 7 ਨਵੀਆਂ ਲੈਬਾਂ ਬਣਾਈਆਂ ਗਈਆਂ ਹਨ | ਮੰਤਰੀ ਨੇ ਦਸਿਆ ਕਿ ਸੂਬੇ ਦੇ ਤਿੰਨ ਮੈਡੀਕਲ ਕਾਲਜਾਂ ਵਿਚ 3 ਨਵੇਂ ਪਲਾਜਮਾਂ ਬੈਂਕ ਬਣਾਏ ਗਏ ਅਤੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਦਾਖ਼ਲ ਪੀੜਤ ਮਰੀਜ਼ਾਂ ਨੂੰ ਮੁਫ਼ਤ ਪਲਾਜਮਾਂ ਮੁਹਈਆ ਕਰਵਾਇਆ ਗਿਆ | 
ਉਨ੍ਹਾਂ ਕਿਹਾ ਕਿ ਪੰਜਾਬ ਵਿਚ 3 ਨਵੇਂ ਮੈਡੀਕਲ ਕਾਲਜ ਸ਼ੁਰੂ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਕੁਲ ਲਾਗਤ ਤਕਰੀਬਨ 1000 ਕਰੋੜ ਰੁਪਏ ਹੈ | ਮੈਡੀਕਲ ਕਾਲਜ ਮੋਹਾਲੀ ਇਸੇ ਵਰ੍ਹੇ ਐਮ.ਬੀ.ਬੀ.ਐਸ. ਦੇ ਦਾਖ਼ਲੇ ਹੋਣਗੇ ਅਤੇ ਨਰਸਿੰਗ ਕਾਲਜ ਵੀ ਬਣਾਇਆ ਜਾਵੇਗਾ | ਸਰਕਾਰ ਵਲੋਂ ਮੈਡੀਕਲ ਕਾਲਜ ਹੁਸ਼ਿਆਰਪੁਰ ਅਤੇ ਕਪੂਰਥਲਾ ਲਈ ਪ੍ਰਵਾਨਗੀ ਦਿਤੀ ਜਾ ਚੁਕੀ ਹੈ ਅਤੇ ਇਹ 2022 ਵਿਚ ਸ਼ੁਰੂ ਹੋ ਜਾਣਗੇ | 
ੇਫ਼ੋਟੋ: ਸੰਤੋਖ ਸਿੰਘ -1 , 2